ਵਿਜੇ ਸੋਨੀ, ਫਗਵਾੜਾ : ਲੋਕ ਇਨਸਾਫ ਪਾਰਟੀ ਦਾ ਵਫ਼ਦ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਐੱਸਡੀਐੱਮ ਪਵਿਤਰ ਸਿੰਘ ਨੂੰ ਮਿਲਿਆ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦਲਿਤ ਬੇਟੀ ਮਨੀਸ਼ਾ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਅਤੇ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਫਲ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਅਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਸਬੰਧੀ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ 17 ਸਾਲ ਦੀ ਦਲਿਤ ਬੇਟੀ ਮਨੀਸ਼ਾ ਨਾਲ ਹੋਏ ਸਮੂਹਿਕ ਜਬਰ ਜਨਾਹ ਤੋਂ ਬਾਅਦ ਦੋਸ਼ੀ ਦਰਿੰਦਿਆਂ ਵੱਲੋਂ ਪੀੜਤਾ ਦੀ ਜੀਭ ਕੱਟ ਦਿੱਤੀ ਗਈ ਅਤੇ ਉਸ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਪਰ ਪੁਲਿਸ ਵੱਲੋਂ ਘਟਨਾ ਦੇ ਕਰੀਬ 8 ਦਿਨ ਬਾਅਦ ਐੱਫਆਈਆਰ ਦਰਜ ਕੀਤੀ ਗਈ। ਪੀੜਤਾ 14 ਦਿਨ ਬਾਅਦ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ ਅਤੇ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ। ਪੁਲਿਸ ਵੱਲੋਂ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਜ਼ਬਰਦਸਤੀ ਮਨੀਸ਼ਾ ਦਾ ਸਸਕਾਰ ਕਰ ਦਿੱਤਾ ਗਿਆ। ਜਦਕਿ ਪਰਿਵਾਰ ਇਸ ਗੱਲ ਦੀ ਮੰਗ ਕਰ ਰਿਹਾ ਸੀ ਕਿ ਮਨੀਸ਼ਾ ਪੋਸਟਮਾਰਟਮ ਇਕ ਬੋਰਡ ਬਣਾ ਕੇ ਉਸ ਤੋਂ ਕਰਵਾਇਆ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ ਅਤੇ ਉਸ ਤੋਂ ਵੀ ਮਾੜੀ ਗੱਲ ਇਹ ਕਿ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਸਰਕਾਰ ਇਹ ਸਾਰੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਫਲ ਰਹੀ ਹੈ। ਦਲਿਤ ਸਮਾਜ ਉੱਪਰ ਜ਼ੁਲਮਾ ਨੂੰ ਰੋਕਣ ਵਿਚ ਅਸਫਲ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਹਾਥਰਸ ਸਮੂਹਿਕ ਜਬਰ ਜਨਾਹ ਕੇਸ ਫਾਸਟਟਰੈਕ ਅਦਾਲਤ ਵਿਚ ਲਾ ਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਧੀਆਂ ਭੈਣਾਂ ਦੀਆਂ ਇੱਜਤਾਂ ਦੀ ਰਖਵਾਲੀ ਲਈ ਲੋਕ ਇਨਸਾਫ ਪਾਰਟੀ ਕੋਈ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਬਲਰਾਜ ਬਾਊ, ਡਾ. ਸੁਖਦੇਵ ਚੌਕੜਿਆ, ਅਵਤਾਰ ਗੰਢਵਾ, ਸਮਰਜੀਤ ਗੁਪਤਾ, ਸਚਿਨ ਸ਼ਰਮਾ, ਅਨਿਲ ਸ਼ਰਮਾ, ਬਲਜਿੰਦਰ ਝੱਲੀ, ਕੁਲਵਿੰਦਰ ਚੱਕਹਕੀਮ, ਡਾ ਰਮੇਸ਼, ਪਲਵਿੰਦਰ ਜਮਾਲਪੁਰ, ਗਿਆਨੀ ਹੁਸਨ ਲਾਲ, ਸ਼ਾਮ ਸੁੰਦਰ, ਸ਼ੰਮੀ ਬੰਗੜ, ਸੰਨੀ ਧੀਮਾਨ ਆਦਿ ਵੀ ਹਾਜ਼ਰ ਸਨ।