ਕਪੂਰਥਲਾ ਮਾਡਰਨ ਜੇਲ੍ਹ 'ਚ ਦੇਰ ਰਾਤ ਭਾਰੀ ਹੰਗਾਮਾ: ਬੈਰਕਾਂ ਦੀਆਂ ਛੱਤਾਂ 'ਤੇ ਚੜ੍ਹੇ ਕੈਦੀ, ਅੱਗ ਲਗਾਉਣ ਦੀ ਕੋਸ਼ਿਸ਼
ਹਾਲਾਤ ਬੇਕਾਬੂ ਹੋਣ ’ਤੇ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਪੁਲਿਸ ਅਧਿਕਾਰੀਆਂ ਅਤੇ ਕਰੀਬ 150 ਪੁਲਿਸ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਉਣ ਲਈ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਗਿਆ। ਜਾਣਕਾਰੀ ਅਨੁਸਾਰ ਰਾਤ ਕਰੀਬ ਪੌਣੇ ਦੱਸ ਵਜੇ ਥੇਹ ਕਾਂਜਲਾ ਸਥਿਤ ਮਾਡਰਨ ਜੇਲ੍ਹ ਵਿੱਚ ਕੈਦੀ ਕਿਸੇ ਗੱਲ ਨੂੰ ਲੈ ਕੇ ਗੁੱਸੇ ਵਿੱਚ ਆ ਗਏ।
Publish Date: Sun, 24 May 2026 09:40 AM (IST)
Updated Date: Sun, 24 May 2026 09:47 AM (IST)
ਜਾਗਰਣ ਸੰਵਾਦਦਾਤਾ, ਕਪੂਰਥਲਾ: ਸ਼ਨੀਵਾਰ ਦੇਰ ਰਾਤ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਅਚਾਨਕ ਹੰਗਾਮੇ ਵਾਲੀ ਸਥਿਤੀ ਬਣ ਗਈ, ਜਦੋਂ ਕੈਦੀ ਭੜਕ ਉੱਠੇ ਅਤੇ ਜੇਲ੍ਹ ਅੰਦਰ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ। ਕੈਦੀਆਂ ਨੇ ਬੈਰਕਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਇਕ ਬੈਰਕ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਗੋਲੀ ਚੱਲਣ ਦੀ ਵੀ ਸੂਚਨਾ ਮਿਲੀ ਹੈ। ਹਾਲਾਤ ਬੇਕਾਬੂ ਹੋਣ ’ਤੇ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਪੁਲਿਸ ਅਧਿਕਾਰੀਆਂ ਅਤੇ ਕਰੀਬ 150 ਪੁਲਿਸ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਉਣ ਲਈ ਵੱਡਾ ਆਪਰੇਸ਼ਨ ਸ਼ੁਰੂ ਕੀਤਾ ਗਿਆ।
ਜਾਣਕਾਰੀ ਅਨੁਸਾਰ ਰਾਤ ਕਰੀਬ ਪੌਣੇ ਦੱਸ ਵਜੇ ਥੇਹ ਕਾਂਜਲਾ ਸਥਿਤ ਮਾਡਰਨ ਜੇਲ੍ਹ ਵਿੱਚ ਕੈਦੀ ਕਿਸੇ ਗੱਲ ਨੂੰ ਲੈ ਕੇ ਗੁੱਸੇ ਵਿੱਚ ਆ ਗਏ। ਇਸ ਦੌਰਾਨ ਕਈ ਕੈਦੀ ਬੈਰਕਾਂ ਦੀਆਂ ਛੱਤਾਂ ’ਤੇ ਚੜ੍ਹ ਗਏ ਅਤੇ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸੂਤਰਾਂ ਮੁਤਾਬਕ ਕੈਦੀਆਂ ਨੇ ਇਕ ਬੈਰਕ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ। ਹਾਲਾਤ ਸੰਭਾਲਣ ਲਈ ਜੇਲ੍ਹ ਪ੍ਰਸ਼ਾਸਨ ਨੇ ਮੋਰਚਾ ਸੰਭਾਲਿਆ ਤਾਂ ਇਸ ਦੌਰਾਨ ਗੋਲੀ ਚੱਲਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਸ਼ਨੀਵਾਰ ਨੂੰ ਇਕ ਕੈਦੀ ਨੂੰ ਦੂਜੀ ਬੈਰਕ ਵਿੱਚ ਸ਼ਿਫਟ ਕਰਨ ਲਈ ਐੱਸਪੀ ਜੇਲ੍ਹ ਦੇ ਜਾਲਸਾਜ਼ੀ ਨਾਲ ਦਸਤਖ਼ਤ ਕਰਕੇ ਕਾਰਵਾਈ ਕੀਤੀ ਜਾ ਰਹੀ ਸੀ। ਇਸ ਗੱਲ ਤੋਂ ਕੈਦੀ ਭੜਕ ਉੱਠੇ ਅਤੇ ਸਥਿਤੀ ਤਣਾਅਪੂਰਨ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀਆਂ ਗੱਡੀਆਂ ਲਗਾਤਾਰ ਜੇਲ੍ਹ ਵੱਲ ਪਹੁੰਚਦੀਆਂ ਰਹੀਆਂ। ਐੱਸਡੀਐੱਮ ਕਪੂਰਥਲਾ ਡਾ. ਇਰਵਿਨ ਕੌਰ ਵੀ ਮੌਕੇ ’ਤੇ ਪੁੱਜ ਗਈ। ਫਾਇਰ ਬ੍ਰਿਗੇਡ ਨੂੰ ਰਾਤ 9:50 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਇਕ ਗੱਡੀ ਬਚਾਅ ਕਾਰਜ ਲਈ ਜੇਲ੍ਹ ਅੰਦਰ ਭੇਜੀ ਗਈ। ਦੇਰ ਰਾਤ ਤੱਕ ਜੇਲ੍ਹ ਦੇ ਨੇੜੇ ਕੈਦੀਆਂ ਦੇ ਸ਼ੋਰ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ।
ਡੀਆਈਜੀ, ਐੱਸਐੱਸਪੀ, ਡੀਐੱਸਪੀ ਅਤੇ ਜੇਲ੍ਹ ਐੱਸਪੀ ਸਮੇਤ ਕਿਸੇ ਵੀ ਉੱਚ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਘਟਨਾ ਵਿੱਚ ਕਿੰਨੇ ਕੈਦੀ ਜਾਂ ਜੇਲ੍ਹ ਕਰਮਚਾਰੀ ਜ਼ਖ਼ਮੀ ਹੋਏ ਹਨ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ।