ਅਮਨਜੋਤ ਵਾਲੀਆ, ਕਪੂਰਥਲਾ : ਥਾਣਾ ਕੋਤਵਾਲੀ 'ਚ ਪੈਂਦੇ ਪਿੰਡ ਦੌਲਤਪੁਰ ਵਿਖੇ ਸ਼ੱਕੀ ਹਲਾਤ 'ਚ ਇਕ ਵਿਆਹੁਤਾ ਨੇ ਬੀਤੇ ਐਤਵਾਰ ਨੂੰ ਕੋਈ ਜ਼ਹਿਰੀਲੀ ਸ਼ੈਅ ਨਿਗਲ ਲਈ। ਹਾਲਤ ਵਿਗੜਦੇ ਵੇਖ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਮਾਮਲੇ 'ਚ ਕਾਰਵਾਈ ਕਰਦੇ ਹੋਏ ਥਾਣਾ ਕੋਤਵਾਲੀ ਦੀ ਪੁਲਿਸ ਨੇ ਲੜਕੀ ਦੇ ਪੇਕੇ ਘਰ ਨੂੰ ਸੂਚਿਤ ਕਰ ਦਿੱਤਾ ਹੈ। ਦੂਜੇ ਪਾਸੇ ਜਦੋਂ ਲੜਕੀ ਦੀ ਭਰਜਾਈ ਤੇ ਹੋਰ ਔਰਤਾਂ ਸਿਵਲ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਮਿ੍ਤਕ ਲੜਕੀ ਦੇ ਪਤੀ ਤੇ ਉਸ ਦੀ ਸੱਸ 'ਤੇ ਦੋਸ਼ ਲਗਾਏ ਕਿ ਉਨ੍ਹਾਂ ਦੀ ਲੜਕੀ ਨੂੰ ਇਨ੍ਹਾਂ ਨੇ ਹੀ ਮਾਰਿਆ ਹੈ ਕਿਉਂਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ, ਜੋ ਅਕਸਰ ਉਸ ਨਾਲ ਪੈਸਿਆਂ ਦੀ ਮੰਗ ਤੋਂ ਕੁੱਟਮਾਰ ਕਰਦਾ ਰਹਿੰਦਾ ਸੀ। ਥਾਣਾ ਕੋਤਵਾਲੀ ਪੁਲਿਸ ਨੇ ਮਿ੍ਤਕ ਮ੍ਰਿਤਕਾ ਦੇ ਪਤੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਨਾਲ ਹੀ ਪੁਲਿਸ ਨੇ ਪੇਕੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਤਹਿਤ ਮਿ੍ਤਕ ਔਰਤ ਦੇ ਪਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ, ਮਿ੍ਤਕਾ ਹਰਵਿੰਦਰ ਕੌਰ ਪਤਨੀ ਸੰਦੀਪ ਸਿੰਘ ਵਾਸੀ ਦੌਲਤਪੁਰ ਨੇ ਆਪਣੇ ਪਤੀ ਤੋਂ ਖਫਾ ਹੋ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੋ ਗਈ ਤੇ ਸਿਵਲ ਹਸਪਤਾਲ ਵਿਖੇ ਉਸ ਦੀ ਮੌਤ ਹੋ ਗਈ। ਸੰਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਦੀ ਸ਼ਾਮ ਉਹ ਅਤੇ ਉਸ ਦੀ ਮਾਂ ਆਪਣੇ ਨਿੱਜੀ ਕੰਮ ਲਈ ਘਰੋਂ ਬਾਹਰ ਗਏ ਸਨ ਤਾਂ ਮਗਰੋਂ ਉਸ ਦੀ ਪਤਨੀ ਹਰਵਿੰਦਰ ਕੌਰ ਘਰ ਵਿਚ ਇਕੱਲੀ ਸੀ।

ਜਦੋਂ ਉਹ ਥੋੜ੍ਹੀ ਦੇਰ ਬਾਅਦ ਘਰ ਪਹੁੰਚੇ ਤਾਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤਾਂ ਉਸ ਨੂੰ ਇਲਾਜ਼ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧੀ ਜਦੋਂ ਥਾਣਾ ਕੋਤਵਾਲੀ ਦੇ ਐੱਸਐੱਚਓ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਤੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।