ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਕਿਸਾਨਾਂ ਦੀ ਕਣਕ ਦੀ ਫ਼ਸਲ ਮੰਡੀਆਂ ਵਿਚ ਆਉਣ ਨੂੰ ਪੱਕ ਕੇ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਕਿਸਾਨ ਇਸ ਨੂੰ ਲੈ ਕੇ ਚਿੰਤਾ ਵਿਚ ਹਨ। ਜਿਸ ਨੂੰ ਲੈ ਕੇ ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਚਾਰ-ਵਟਾਂਦਰਾ ਕੀਤਾ। ਹਾੜੀ ਸੀਜਨ 2020-21 ਦੀ ਖਰੀਦ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮਾਰਕਿਟ ਕਮੇਟੀ ਦੇ ਸੈਕਟਰੀ ਸੰਜੀਵ ਕੁਮਾਰ, ਡੀਡੀਐੱਮਓ ਰੁਪਿੰਦਰ ਮਿਨਹਾਸ, ਡੀਐੱਫਸੀ ਸਰਤਾਜ ਸਿੰਘ ਚੀਮਾ, ਮੰਡੀ ਸੁਪਰਵਾਈਜਰ ਪਿ੍ਰਥੀਪਾਲ ਸਿੰਘ ਘੁੰਮਣ, ਇੰਸਪੈਕਟਰ ਸੁਖਚੈਨ ਸਿੰਘ, ਆੜਤੀ ਗੁਰਦੀਪ ਸਿੰਘ ਘੁੰਮਣ, ਓਪੀ ਬਹਿਲ, ਵਿਪਨ ਕੁਮਾਰ ਅਜਾਦ, ਭੀਮ ਸੈਨ, ਭੂਪੀ ਨੰਦਨ, ਸੰਦੀਪ ਅਗਰਵਾਲ, ਪਵਨ ਕੁਮਾਰ, ਮੋਹਨ ਸਿੰਘ, ਰੋਹਿਤ ਕਪਿਲਾ ਆਦਿ ਦੀ ਹਾਜਰੀ ਦੌਰਾਨ ਆਯੋਜਿਤ ਉਕਤ ਮੀਟਿੰਗ ਦੌਰਾਨ ਮਾਰਕਿਟ ਕਮੇਟੀ ਕਪੂਰਥਲਾ ਦੇ ਉਪ ਚੇਅਰਮੈਨ ਰਾਜਿੰਦਰ ਕੌੜਾ ਨੇ ਕਿਹਾ ਕਿ ਕਣਕ ਦੀ ਖਰੀਦ ਸਰਕਾਰ ਵਲੋਂ ਨਿਰਧਾਰਿਤ ਕੀਤੀ ਗਈ ਤਾਰੀਖ ਤੋਂ ਹੀ ਕੀਤੀ ਜਾਵੇਗੀ ਜਿਸ ਲਈ ਜਿਲਾ ਪ੍ਰਸ਼ਾਸਨ ਦੀ ਅਗਵਾਈ ਹੇਠ ਮੰਡੀਆਂ ਵਿਚ ਸਾਰੇ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਦਾ ਦਾਣਾ ਦਾਣਾ ਖਰੀਦਿਆਂ ਜਾਵੇਗਾ ਤੇ ਕਿਸਾਨਾਂ ਨੂੰ ਕਣਕ ਵੇਚਣ ਸਮੇਂ ਮੰਡੀਆਂ 'ਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਨੂੰ ਪੂਰੀ ਤਰ੍ਹਾਂ ਪੱਕਣ ਉਪਰੰਤ ਕਟਾਈ ਕਰਨ ਤੇ ਸੁੱਕੀ ਕਣਕ ਹੀ ਮੰਡੀਆਂ 'ਚ ਵੇਚਣ ਲਈ ਲੈ ਕੇ ਆਉਣ। ਕਣਕ ਦੇ ਖਰੀਦ ਪ੍ਰਬੰਧਾ ਸਬੰਧੀ ਡੀਐੱਫਸੀ ਸਰਤਾਜ ਸਿੰਘ ਚੀਮਾ, ਡੀਡੀਐੱਮਓ ਰੁਪਿੰਦਰ ਮਿਨਹਾਸਲ, ਸੈਕਟਰੀ ਸੰਜੀਵ ਕੁਮਾਰ ਆਦਿ ਨੇ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਸ਼ਰਤਾਂ, ਨਿਯਮਾਂ ਤੇ ਖਰੀਦ ਮਾਪਦੰਡਾਂ ਸਬੰਧੀ ਹਾਜਰ ਆੜਤੀਆਂ ਨੂੰ ਵਿਸਥਾਰ ਵਿਚ ਜਾਣੂ ਕਰਵਾਇਆ। ਮੌਕੇ 'ਤੇ ਹਾਜਰ ਆੜਤੀਆਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਹਾੜੀ ਸੀਜਨ 2020-21 ਦੌਰਾਨ ਕਣਕ ਦੀ ਖਰੀਦ ਪ੍ਰਬੰਧਾਂ ਸਬੰਧੀ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਰਕਿਟ ਕਮੇਟੀ ਕਪੂਰਥਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹਰ ਸੰਭਵ ਸਹਿਯੋਗ ਕਰਨਗੇ।