ਰੌਸ਼ਨ ਖੈੜਾ, ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੌਰਾਨ ਮੁੱਖ ਪੰਡਾਲ 'ਗੁਰੂ ਨਾਨਕ ਦਰਬਾਰ' ਵਿਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਹਾਜ਼ਰੀ ਭਰੀ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ।

ਉਨ੍ਹਾਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੁਕੱਦਸ ਦਿਹਾੜੇ ਦੀ ਸੰਗਤ ਨੂੰ ਮੁਬਾਰਬਾਦ ਦਿੰਦੇ ਹੋਏ ਬਾਬੇ ਨਾਨਕ ਦੇ ਸਿਧਾਂਤਾਂ 'ਤੇ ਚੱਲ ਕੇ ਸਮਾਜ 'ਚੋਂ ਭਿ੍ਸ਼ਟਾਚਾਰ, ਅੱਤਿਆਚਾਰ, ਗੁਰਬਤ ਜਿਹੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਹੋਰ ਪਤਵੰਤਿਆਂ ਨੇ ਵੀ ਮੁੱਖ ਪੰਡਾਲ ਵਿਚ ਹਾਜ਼ਰੀ ਭਰੀ।

ਇਸ ਮੁਬਾਰਕ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਵਿੱਤ ਮੰਤਰੀ ਨੇ ਆਖਿਆ ਕਿ ਸਿਰਫ਼ ਪੰਜਾਬ ਦੀ ਧਰਤੀ 'ਤੇ ਹੀ ਨਹੀਂ, ਸਗੋਂ ਵਿਸ਼ਵ ਭਰ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਗੁਰੂ ਨਾਨਕ ਸਾਹਿਬ ਦੁਨੀਆ 'ਤੇ ਨਾ ਆਉਂਦੇ ਤਾਂ ਸ਼ਾਇਦ ਇਨਸਾਨੀਅਤ ਅਧੂਰੀ ਰਹਿ ਜਾਂਦੀ।

ਉਨ੍ਹਾਂ ਦੇ ਆਗਮਨ ਨਾਲ ਸਮਾਜ ਵਿਚ ਇਖਲਾਕੀ ਕਦਰਾਂ-ਕੀਮਤਾਂ ਪ੍ਰਫੂਲਿਤ ਹੋਈਆਂ ਅਤੇ ਇਨਸਾਨੀਅਤ ਦੇ ਸਾਰੇ ਅਧੂਰੇ ਰੰਗ ਪੂਰੇ ਹੋ ਗਏ। ਉਨ੍ਹਾਂ ਕਿਹਾ ਕਿ ਦੱਬੇ-ਕੁਚਲੇ ਅਤੇ ਲਤਾੜੇ ਵਰਗ ਦੇ ਲੋਕਾਂ ਨੂੰ ਉੱਚਾ ਚੁੱਕ ਕੇ ਸਮਾਜ ਵਿਚ ਜੁਰਮ ਦਾ ਖ਼ਾਤਮਾ ਕਰਨਾ ਹੀ ਗੁਰੂ ਸਾਹਿਬ ਦਾ ਪੈਗ਼ਾਮ ਹੈ, ਜਿਸ ਨੂੰ ਹਰ ਧਰਮ ਦੇ ਲੋਕਾਂ ਵੱਲੋਂ ਕਬੂਲਿਆ ਗਿਆ ਹੈ।

ਉਨ੍ਹਾਂ ਆਖਿਆ ਕਿ 20ਵੀਂ ਸਦੀ 'ਚ ਪੰਜਾਬ ਨੇ ਬਹੁਤ ਕੁਝ ਗਵਾਇਆ, ਸਾਡੇ ਤੋਂ ਬਹੁਤ ਅਜੀਜ਼ ਅਸਥਾਨ ਅਤੇ ਹੋਰ ਵਿਲੱਖਣ ਚੀਜ਼ਾਂ ਖੁੱਸ ਗਈਆਂ, ਪਰ 21ਵੀਂ ਸਦੀ ਜੋੜਨ ਵਾਲੀ ਸਦੀ ਹੈ, ਜਿਸ ਦੀ ਮਿਸਾਲ ਕਰਤਾਰਪੁਰ ਲਾਂਘਾ ਖੁੱਲ੍ਹਣ ਜਿਹੇ ਮੁਬਾਰਕ ਮੌਕੇ ਤੋਂ ਮਿਲਦੀ ਹੈ। ਇਹ ਦਿਨ ਸਾਲਾਂ ਤੋਂ ਉਡੀਕਿਆ ਜਾ ਰਿਹਾ ਸੀ, ਜੋ ਆਖ਼ਰ ਬਾਬੇ ਨਾਨਕ ਦੀ ਮਿਹਰ ਨਾਲ ਪ੍ਰਕਾਸ਼ ਦਿਹਾੜੇ ਮੌਕੇ ਸੰਪੂਰਨ ਹੋ ਗਿਆ ਹੈ, ਜਿਸ ਲਈ ਸਾਰੀ ਸੰਗਤ ਵਧਾਈ ਦੀ ਪਾਤਰ ਹੈ।