ਮਖਾਣੇ : ਸਵਾਦ ਦੇ ਨਾਲ ਸਿਹਤ ਦਾ ਖਜ਼ਾਨਾ
ਮਖਾਣੇ: ਸਵਾਦ ਦੇ ਨਾਲ ਸਿਹਤ ਦਾ ਖਜ਼ਾਨਾ ਵੀ, ਜਾਣੋ ਮਾਹਿਰ ਡਾਕਟਰਾਂ ਕੋਲੋਂ ਇਸਦੇ ਹੈਰਾਨੀਜਨਕ ਫਾਇਦੇ"
Publish Date: Tue, 09 Jun 2026 09:18 PM (IST)
Updated Date: Tue, 09 Jun 2026 09:20 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਅੱਜਕੱਲ੍ਹ ਸਿਹਤ ਪ੍ਰਤੀ ਜਾਗਰੂਕ ਲੋਕਾਂ ਵਿਚ ਮਖਾਣਿਆਂ (ਫੋਕਸ ਨੱਟਸ) ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਮਖਾਣੇ ਨਾ ਸਿਰਫ਼ ਸਵਾਦਿਸ਼ਟ ਹੁੰਦੇ ਹਨ, ਸਗੋਂ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਸਰੀਰ ਲਈ ਬਹੁਤ ਲਾਭਕਾਰੀ ਮੰਨੇ ਜਾਂਦੇ ਹਨ। ਮਾਹਿਰ ਡਾਕਟਰਾਂ ਅਨੁਸਾਰ ਮਖਾਣੇ ਘੱਟ ਕੈਲੋਰੀ ਤੇ ਵੱਧ ਪੋਸ਼ਣ ਵਾਲਾ ਖੁਰਾਕੀ ਪਦਾਰਥ ਹੈ, ਜੋ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ। ਡਾ. ਕੁਲਦੀਪ ਕਲੇਰ ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਿਰ (ਐੱਮਬੀਬੀਐੱਸ, ਐੱਮਡੀ, ਐਕਸ ਪੀਜੀਆਈ ਚੰਡੀਗੜ੍ਹ) ਦਾ ਕਹਿਣਾ ਹੈ ਕਿ ਮਖਾਣਿਆਂ ਵਿਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਦਿਲ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ ਤੇ ਮਖਾਣੇ ਸੋਡੀਅਮ ਘੱਟ ਤੇ ਮੈਗਨੀਸ਼ੀਅਮ ਵੱਧ ਹੋਣ ਕਾਰਨ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਰੱਖਣ ਵਿਚ ਮਦਦ ਕਰਦੇ ਹਨ। ਇਹ ਭਾਰ ਘਟਾਉਣ ਵਿਚ ਸਹਾਇਕ ਹੁੰਦੇ ਹਨ ਤੇ ਇਨ੍ਹਾਂ ਵਿਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਨਾਲ ਭੁੱਖ ਘੱਟ ਲੱਗਦੀ ਹੈ ਤੇ ਵਜ਼ਨ ਕੰਟਰੋਲ ਵਿਚ ਰਹਿੰਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਮਖਾਣਿਆਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਕਾਰਨ ਇਹ ਖੂਨ ਵਿਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿਚ ਮਦਦ ਕਰਦੇ ਹਨ, ਮਖਾਣੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਕੈਲਸ਼ੀਅਮ ਤੇ ਫਾਸਫੋਰਸ ਨਾਲ ਭਰਪੂਰ ਹੋਣ ਕਾਰਨ ਮਖਾਣੇ ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਹ ਬੁਢਾਪੇ ਦੇ ਪ੍ਰਭਾਵ ਨੂੰ ਘਟਾਉਂਦੇ ਹਨ ਤੇ ਇਸਦੇ ਐਂਟੀ-ਆਕਸੀਡੈਂਟ ਗੁਣ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਤੇ ਚਮੜੀ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ ਤੇ ਇਹ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ ਤੇ ਫਾਈਬਰ ਨਾਲ ਭਰਪੂਰ ਮਖਾਣੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਵਿਚ ਸਹਾਇਕ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮਖਾਣਿਆਂ ਨੂੰ ਭੁੰਨ ਕੇ ਜਾਂ ਹਲਕੇ ਮਸਾਲਿਆਂ ਨਾਲ ਸਨੈਕ ਦੇ ਰੂਪ ਵਿਚ ਖਾਣਾ ਸਭ ਤੋਂ ਵਧੀਆ ਰਹਿੰਦਾ ਹੈ। ਹਾਲਾਂਕਿ ਕਿਸੇ ਵੀ ਖੁਰਾਕ ਦੀ ਜ਼ਿਆਦਾ ਮਾਤਰਾ ਤੋਂ ਬਚਣਾ ਚਾਹੀਦਾ ਹੈ ਤੇ ਖਾਸ ਬਿਮਾਰੀਆਂ ਵਾਲੇ ਮਰੀਜ਼ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣ। ਮਾਹਿਰਾਂ ਅਨੁਸਾਰ ਰੋਜ਼ਾਨਾ ਸੀਮਿਤ ਮਾਤਰਾ ਵਿਚ ਮਖਾਣਿਆਂ ਦੀ ਵਰਤੋਂ ਸਰੀਰ ਨੂੰ ਤੰਦਰੁਸਤ ਰੱਖਣ ਤੇ ਕਈ ਬਿਮਾਰੀਆਂ ਤੋਂ ਬਚਾਅ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ।