ਪੱਤਰ ਪ੍ਰਰੇਰਕ, ਫਗਵਾੜਾ : ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਬਲਾਕ ਫਗਵਾੜਾ ਵੱਲੋਂ ਬਲਾਕ ਪ੍ਰਧਾਨ ਤਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਦੇ ਸਾਹਮਣੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ। ਮਗਨਰੇਗਾ ਕਰਮਚਾਰੀਆਂ ਨੇ ਕਿਹਾ ਕਿ ਸੂਬੇ ਦੇ ਮਗਨਰੇਗਾ ਕਰਮਚਾਰੀ ਪਿਛਲੇ 10 ਸਾਲ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ 'ਚ ਵੱਖ-ਵੱਖ ਆਰਜੀ ਅਸਾਮੀਆਂ 'ਤੇ ਕੰਮ ਕਰ ਰਹੇ ਹਨ। ਇਹਨਾਂ ਮੁਲਾਜ਼ਮਾਂ ਦੀ ਭਰਤੀ ਸਰਕਾਰ ਵਲੋਂ ਰੈਗੂਲਰ ਭਰਤੀ ਦੌਰਾਨ ਅਪਣਾਏ ਜਾਂਦੇ ਮਾਪੰਦਡਾ ਅਨੁਸਾਰ ਪੂਰੀ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਕੀਤੀ ਗਈ ਸੀ ਪਰ ਮਗਨਰੇਗਾ ਮੁਲਾਜ਼ਮਾਂ ਨੂੰ ਗੁਜਾਰੇ ਜੋਗੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਮਗਨਰੇਗਾ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਰੈਗੂਲਰ ਕਰਨ ਦਾ ਰਿਕਾਰਡ ਪਰਸੋਨਲ ਵਿਭਾਗ ਨੂੰ ਭੇਜਿਆ ਜਾਵੇ। ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ, ਟੀਏ ਵਿਚ ਵਾਧਾ ਕੀਤਾ ਜਾਵੇ, ਮੋਬਾਈਲ ਇੰਟਰਨੈਟ ਭੱਤਾ ਦਿੱਤਾ ਜਾਵੇ, ਈਪੀਐੱਫ, ਈਐੱਸਆਈ ਕਾਰਡ ਤੇ ਡਿਊਟੀ ਦੌਰਾਨ ਮੌਤ ਵਾਲੇ ਕੇਸਾਂ 'ਚ ਯੋਗਤਾ ਅਨੁਸਾਰ ਵਾਰਸਾਂ ਨੂੰ ਨੌਕਰੀ ਦੀ ਸੁਵਿਧਾ ਦਿੱਤੀ ਜਾਵੇ, ਮੁਲਾਜ਼ਮਾਂ ਦੀਆਂ ਬਦਲੀਆਂ ਐੱਨਓਸੀ ਰਾਹੀਂ ਕੀਤੀਆਂ ਜਾਣ। ਇਸ ਤੋਂ ਇਲਾਵਾ ਤਨਖਾਹਾਂ ਮੋਹਾਲੀ ਹੈੱਡ ਕੁਆਰਟਰ ਤੋਂ ਪੀਐੱਫਐੱਮਐੱਸ ਸਿਸਟਮ ਰਾਹੀਂ ਜਾਰੀ ਕਰਵਾਉਣ ਦੀ ਮੰਗ ਵੀ ਕੀਤੀ ਗਈ। ਪ੍ਰਧਾਨ ਤਲਵਿੰਦਰ ਸਿੰਘ ਨੇ ਪੰਚਾਇਤ ਵਿਭਾਗ ਵਲੋਂ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਹੋਈਆਂ ਮੀਟਿੰਗਾਂ ਸਮੇਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤਕ ਕਰਮਚਾਰੀਆਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਵੇਗਾ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 19 ਅਤੇ 20 ਸਤੰਬਰ ਨੂੰ ਜ਼ਿਲ੍ਹਾ ਪੱਧਰ 'ਤੇ ਵਿਸ਼ਾਲ ਧਰਨੇ ਦਿੱਤੇ ਜਾਣਗੇ ਤੇ ਮਗਨਰੇਗਾ ਮੁਲਾਜ਼ਮ ਪੰਜਾਬ 'ਚ ਹੋ ਰਹੀਆਂ ਜ਼ਿਮਨੀ ਚੋਣਾਂ 'ਚ ਕਾਂਗਰਸ ਸਰਕਾਰ ਦੀ ਪੋਲ ਖੋਲ੍ਹਣਗੇ। ਜੇਕਰ ਫਿਰ ਵੀ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੂਬਾ ਪੱਧਰੀ ਧਰਨੇ ਦੀ ਤਿਆਰੀ ਕੀਤੀ ਜਾਵੇਗੀ। ਲੋੜ ਪੈਣ 'ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਮੂਹ ਮਗਨਰੇਗਾ ਕਰਮਚਾਰੀਆਂ ਤੋਂ ਇਲਾਵਾ ਉਹਨਾਂ ਦੀ ਹਮਾਇਤ ਵਿਚ ਪਹੁੰਚੇ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਪੰਚ ਵੀ ਹਾਜ਼ਰ ਸਨ।