ਪੱਤਰ ਪ੍ਰੇਰਕ, ਫਗਵਾੜਾ : ਸ਼ਹੀਦ ਭਗਤ ਸਿੰਘ ਸਪੋਰਟਸ ਤੇ ਵੈੱਲਫੇਅਰ ਕਲੱਬ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਵੱਲੋਂ ਆਪਣਾ ਪਹਿਲਾ ਪ੍ਰਾਜੈਕਟ ਧੀਆਂ ਦੀ ਲੋਹੜੀ ਦਾ ਪ੍ਰਬੰਧ 13 ਜਨਵਰੀ ਨੂੰ ਦੁਪਹਿਰ 1 ਵਜੇ ਪਿੰਡ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਕਿਹਾ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਹੋਣਗੇ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜੁਆਇੰਟ ਕਮੀਸ਼ਨਰ ਜਯੋਤੀ ਬਾਲਾ ਮੱਟੂ ਅਤੇ ਐੱਸਐੱਚਓ ਸਤਨਾਮਪੁਰਾ ਜੋਗਿੰਦਰ ਸਿੰਘ ਸ਼ਾਮਲ ਹੋਣਗੇ। ਇਸ ਮੌਕੇ 15 ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਜਾਵੇਗੀ। ਪ੍ਰਬੰਧਕਾਂ ਅਨੁਸਾਰ ਉਨ੍ਹਾਂ ਦੀ ਕਲੱਬ ਦਾ ਮੁੱਖ ਉਦੇਸ਼ ਖੇਡਾਂ ਨੂੰ ਉਤਸ਼ਾਹਿਤ ਕਰਨਾ, ਨਸ਼ਿਆਂ ਖ਼ਿਲਾਫ਼ ਨੌਜਵਾਨ ਪੀੜ੍ਹੀ ਨੂੰ ਲਾਮਵੰਦ ਕਰਨਾ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਜਾਗਰੂਕਤਾ ਲਿਆਉਣਾ ਹੈ। ਇਸ ਤੋਂ ਇਲਾਵਾ ਲੋੜਵੰਦਾਂ ਦੀ ਸੇਵਾ ਸਹਾਇਤਾ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੂਲਿਤ ਕਰਨ ਦਾ ਵੀ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।