ਅਮਰੀਕ ਸਿੰਘ ਮੱਲ੍ਹੀ/ਅਜੈ ਕਨੌਜੀਆ, ਕਪੂਰਥਲਾ : ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੇਂਦਰ ਸਰਾਕਰ ਵੱਲੋਂ ਰਾਤੋ-ਰਾਤ ਕਿਸਾਨ ਮਾਰੂ ਬਿੱਲ ਲਾਗੂ ਕਰਨ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਦਿਆਂ ਥਾਣਾ ਸਦਰ ਦੇ ਸਾਹਮਣੇ ਰੋਸ ਧਰਨੇ ਵਿੱਚ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਰਾਣਾ ਗੁਰਜੀਤ ਸਿੰਘ ਦੇ ਸੱਦੇ 'ਤੇ ਜਿਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ, ਪੱਲੇਦਾਰਾਂ, ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਉਥੇ ਹੀ ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ ਨੇ ਵੀ ਕੇਂਦਰ ਸਰਕਾਰ ਵਿਰੁੱਧ ਇਸ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਐਲਾਨ ਕੀਤਾ।

ਧਰਨੇ ਦੌਰਾਨ ਲੋਕਾਂ ਦੇ ਮੁਖਾਤਿਬ ਹੁੰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਨਾਲ ਦੇਸ਼ ਨੂੰ ਆਜ਼ਾਦੀ ਤਾਂ ਮਿਲ ਗਈ ਪਰ ਪੰਜਾਬ ਦੇ ਟੋਟੇ ਹੋਣ ਨਾਲ ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਜੋ ਕਿ ਲੋਕਾਂ ਨੂੰ ਆਪਣੀ ਮਿਹਨਤ ਨਾਲ ਦੋਬਾਰਾ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮਿਹਨਤ ਨਾਲ ਦੇਸ਼ ਦੇ ਲੋਕਾਂ ਦਾ ਿਢੱਡ ਭਰਿਆ ਪਰ ਹੁਣ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਦੇਸ਼ ਸੇਵਾ ਦੇ ਬਦਲੇ ਉਹਨਾਂ ਦੀ ਹੋਂਦ ਮਿਟਾਉਣ ਲਈ ਅਜਿਹੇ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਤਰਸ ਦੇ ਪਾਤਰ ਬਣਾਉਣਾ ਚਾਹੁੰਦਾ ਹੈ ਜੋ ਕਿ ਪੰਜਾਬ ਦੇ ਅਣਖੀ ਲੋਕ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਸਾਰਾ ਸ਼ਹਿਰ ਮੁਕੰਮਲ ਰੂਪ ਵਿੱਚ ਬੰਦ ਹੈ। ਉਨ੍ਹਾਂ ਅਕਾਲੀ ਦਲ ਦੀ ਦੋਗਲੀ ਭੂਮਿਕਾ ਬਾਰੇ ਕਿਹਾ ਕਿ ਕੇਂਦਰੀ ਕੈਬਨਿਟ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿਚ ਆਰਡੀਨੈਂਸ ਪਾਸ ਕੀਤੇ ਗਏ ਅਤੇ ਆਖਰੀ ਸਮੇਂ ਤਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਇਹਨਾਂ ਆਰਡੀਨੈਂਸਾ ਦੀ ਹਮਾਇਤ ਕੀਤੀ ਗਈ। ਉਹਨਾਂ ਸਵਾਲ ਕੀਤਾ ਕਿ ਹੁਣ ਅਕਾਲੀ ਦਲ ਕਿਸ ਮੂੰਹ ਨਾਲ ਕਿਸਾਨੀ ਦੇ ਹੱਕ ਵਿੱਚ ਖੜ੍ਹਨ ਦਾ ਢੋਂਗ ਰਚ ਰਿਹਾ ਹੈ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ, ਵਪਾਰ ਐਸੋਸੀਏਸ਼ਨਾਂ ਤੇ ਹੋਰ ਜਥੈਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀ ਹੋਂਦ ਖਾਤਰ ਲੜੀ ਜਾਣ ਵਾਲੀ ਇਸ ਲੜਾਈ ਵਿੱਚ ਇਕਮੁਠਤਾ ਦਾ ਪ੍ਰਦਰਸ਼ਨ ਕਰਨ ਤਾਂ ਜੋ ਕੇਂਦਰ ਦੀ ਹੰਕਾਰੀ ਸਰਕਾਰ ਨੂੰ ਮੂੰਹ ਤੋਭ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਸੇਵਾਦਲ ਦੇ ਪ੍ਰਧਾਨ ਸੁਭਾਸ਼ ਭਾਰਗਵ, ਯੂਥ ਕਾਂਗਰਸ ਦੇ ਪ੍ਰਧਾਨ ਕਰਨ ਮਹਾਜਨ, ਬਲਾਕ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸੈਦੋਵਾਲ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ ਨੇ ਵੀ ਸੰਬੋਧਨ ਕੀਤਾ।