ਵਿਜੇ ਸੋਨੀ, ਫਗਵਾੜਾ

ਬਹੁਜਨ ਸਮਾਜ ਪਾਰਟੀ ਫਗਵਾੜਾ ਦੇ ਆਗੂਆਂ ਵਲੋਂ ਸਬ-ਡਵੀਜ਼ਨ ਫਗਵਾੜਾ ਦੇ ਪਿੰਡ ਵਾਹਦ ਦੇ ਲੋਕਾਂ ਨਾਲ ਮਿਲ ਕੇ ਪਿੰਡ ਦੇ ਸਰਪੰਚ ਖਿਲਾਫ ਬੀਡੀਪੀੳ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਇਕੱਤਰ ਹੋਏ ਲੇਖ ਰਾਜ ਜਮਾਲਪੁਰੀ, ਹਰਭਜਨ ਬਲਾਲੋਂ, ਐਡਵੋਕੇਟ ਕੁਲਦੀਪ ਭੱਟੀ, ਹਰਭਜਨ ਸੁਮਨ, ਪਰਮਜੀਤ ਖਲਵਾੜਾ, ਚਿਰੰਜੀਲਾਲ ਕਾਲਾ, ਪੁਰਸ਼ਤੋਮ, ਸੀਨੀਅਰ ਆਗੂ ਤਰਸੇਮ ਚੰਬਰ, ਮਨੀ ਅੰਬੇਡਕਰ, ਵਿਜੇ ਮਾਨ, ਪਰਮੀਸ ਬੰਗਾ, ਹੈਪੀ ਕਾਂਸ਼ੀਨਗਰ, ਮਨਜੀਤ ਮਾਨ ਅਤੇ ਸਮੂਹ ਪਿੰਡ ਵਾਸੀਆਂ ਨੇ ਦਸਿਆ ਕਿ ਪਿੰਡ ਦੇ ਸਰਪੰਚ ਵਲੋਂ ਸ਼ਾਮਲਾਟ ਦੀ ਜਮੀਨ 'ਤੇ ਨਜਾਇਜ ਕਬਜਾ ਕਰਵਾਇਆ ਜਾ ਰਿਹਾ ਹੈ। ਜਦਕਿ ਪਹਿਲੀ ਪੰਚਾਇਤ ਨੇ ਸ਼ਾਮਲਾਟ ਦੀ ਜਮੀਨ 'ਤੇ ਧਰਮਸ਼ਾਲਾ ਬਣਵਾਉਣ ਦਾ ਫੈਸਲਾ ਕੀਤਾ ਸੀ। ਪਿੰਡ ਦਾ ਸਰਪੰਚ ਉਕਤ ਜਮੀਨ 'ਤੇ ਨਜਾਇਜ ਕਬਜਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ, ਬੀਡੀਪੀਓ ਫਗਵਾੜਾ, ਐੱਸਡੀਐੱਮ ਫਗਵਾੜਾ ਨੂੰ ਮੰਗ ਪੱਤਰ ਵੀ ਦਿੱਤੇ ਗਏ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਪਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੂੰ ਬੀਡੀਪੀੳ ਦਫਤਰ ਅੱਗੇ ਧਰਨਾ ਲਗਾਉਣਾ ਪਿਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਪੁਰਸ਼ੋਤਮ ਨੇ ਦੱਸਿਆ ਕਿ ਪਿੰਡ ਵਿਚ ਕੋਈ ਵੀ ਧਰਮਸ਼ਾਲਾ ਨਹੀਂ ਹੈ ਇਸ ਲਈ ਉਸ ਜਮੀਨ 'ਤੇ ਧਰਮਸ਼ਾਲਾ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਤਾਂ ਜੋ ਪਿੰਡ ਦੇ ਲੋਕ ਇਸ ਧਰਮਸ਼ਾਲਾ ਦੀ ਵਰਤੋ ਕਰ ਸਕਣ। ਪਰ ਪਿੰਡ ਦੇ ਮੌਜੂਦ ਸਰਪੰਚ ਵਲੋਂ ਧੱਕੇ ਨਾਲ ਇਸ ਜਮੀਨ ਨੂੰ ਕਬਜਾਇਆ ਜਾ ਰਿਹਾ ਹੈ। ਪਿੰਡ ਦਾ ਸਰਪੰਚ ਸਿਆਸੀ ਸ਼ਹਿ 'ਤੇ ਕੰਮ ਕਰਵਾ ਰਿਹਾ ਹੈ। ਪੁਲਿਸ ਵੀ ਪਿੰਡ ਵਿੱਚ ਜਾਂਦੀ ਹੈ ਉਸ ਵੇਲੇ ਕੰਮ ਬੰਦ ਕਰਵਾ ਦਿੱਤਾ ਜਾਂਦਾ ਹੈ। ਪਰ ਪੁਲਿਸ ਦੇ ਵਾਪਿਸ ਜਾਣ ਤੋਂ ਬਾਅਦ ਫਿਰ ਥੋੜੀ ਦੇਰ ਬਾਦ ਕੰਮ ਸ਼ੁਰੂ ਕਰਵਾ ਦਿੱਤਾ ਜਾਂਦਾ ਹੈ। ਅਜਿਹੇ ਸਰਪੰਚ ਖਿਲਾਫ ਵੀ ਬਣਦੀ ਕਾਰਵਾਈ ਹੋਈ ਚਾਹੀਦੀ ਹੈ ਜੋ ਆਪਣੇ ਪਿੰਡ ਦੀ ਜਮੀਨ ਦੀ ਰਖਬਾਲੀ ਨਹੀ ਕਰ ਸਕਦਾ। ਬਸਪਾ ਆਗੂ ਹਰਭਜਨ ਸੁਮਨ ਨੇ ਦਸਿਆ ਕਿ ਪਹਿਲੀ ਪੰਚਾਇਤ ਨੇ ਮਤਾ ਪਾਸ ਕੀਤਾ ਸੀ ਕਿ ਉਕਤ ਜਮੀਨ ਤੇ ਧਰਮਸ਼ਾਲਾ ਬਣਾਈ ਜਾਵੇ ਪਰ ਪਿੰਡ ਦਾ ਸਰਪੰਚ ਧੱਕੇ ਨਾਲ ਜਮੀਨ ਹੜਪਣ ਦੀ ਕੋਸ਼ਿਸ ਕਰ ਰਿਹਾ ਹੈ ਜੋਕਿ ਅਸੀ ਬਿਲਕੁਲ ਨਹੀ ਹੋਣ ਦੇਵਾਂਗੇ।ਮੌਕੇ ਤੇ ਪੱੁਜ ਕੇ ਐੱਸਐੱਚਓ ਉਂਕਾਰ ਸਿੰਘ ਬਰਾੜ ਨੇ ਬੀਡੀਪੀੳ ਅਫਸਰ ਨੀਰਜ ਕੁਮਾਰ ਨਾਲ ਗਲਬਾਤ ਕਰਕੇ ਸਾਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਧਰਨਾ ਚੁਕਵਾਇਆ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਹੀ ਇਸਦ ਮਾਮਲੇ ਬਾਰੇ ਪੂਰੀ ਜਾਣਕਾਰੀ ਇਕਤਰ ਕਰਕੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋ ਇਸਦੇ ਮਾਮਲੇ ਬਾਰੇ ਪਿੰਡ ਦੇ ਸਰਪੰਚ ਸਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਇਲਜਾਮ ਬੇਬੁਨਿਆਦ ਹਨ। ਸਾਡੇ ਵਲੋਂ ਕੋਈ ਵੀ ਨਜਾਇਜ ਕੰਮ ਨਹੀ ਕੀਤਾ ਜਾ ਰਿਹਾ। ਬੇਵਜਾਹ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ। ਪਹਿਲੀ ਪੰਚਾਇਤ ਨੇ ਜੋ ਮਤੇ ਪਾਏ ਹਨ ਇਹ ਉਹ ਜਮੀਨ ਨਹੀਂ ਹੈ। ਝਗੜੇ ਵਾਲੀ ਜਮੀਨ ਦਾ ਕਦੇ ਵੀ ਮਤਾ ਨਹੀ ਪਾਇਆ ਜਾਂਦਾ।