ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਪਵਿੱਤਰ ਰਮਜ਼ਾਨ ਮਹੀਨੇ ਦੇ 30 ਰੋਜ਼ੇ ਰੱਖਣ ਤੋਂ ਬਾਅਦ ਆਉਂਦਾ ਈਦ-ਉਲ-ਫਿਤਰ ਦਾ ਤਿਉਹਾਰ ਅੱਜ ਜ਼ਿਲ੍ਹੇ ਭਰ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਕੋਰੋਨਾ ਵਾਇਰਸ ਕਾਰਨ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਵਿਚ ਕੱੁਝ ਨਮਾਜ਼ੀਆਂ ਨੇ ਈਦ ਦੀ ਨਮਾਜ਼ ਸਮਾਜਿਕ ਦੂਰੀ ਬਣਾ ਕੇ ਅਦਾ ਕੀਤੀ ਤੇ ਇਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਕਪੂਰਥਲਾ ਬੱਸ ਸਟੈਂਡ ਨਜ਼ਦੀਕ ਸਥਿਤ ਈਦਗਾਹ ਵਿਚ ਈਦ ਦੀ ਨਮਾਜ਼ ਕਪੂਰਥਲਾ ਈਦਗਾਹ ਦੇ ਇਮਾਮ ਮੌਲਵੀ ਅਬਦੁਲ ਹਮੀਦ ਨੇ ਪੜ੍ਹਾਈ ਤੇ ਦੇਸ਼ ਦੀ ਅਮਨ ਸ਼ਾਂਤੀ, ਤਰੱਕੀ ਤੇ ਕੋਰੋਨਾ ਵਾਇਰਸ ਤੋਂ ਮੁਕਤੀ ਲਈ ਦੁਆ ਕਰਵਾਈ। ਇਸਤੋਂ ਪਹਿਲਾਂ ਮੌਲਵੀ ਅਬਦੁਲ ਹਮੀਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਿਤਰਾ ਤੇ ਜ਼ਕਾਤ ਦਾ ਪੈਸਾ ਗਰੀਬ ਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਇਸ ਸੰਕਟ ਦੀ ਘੜੀ ਵਿਚ ਹਰ ਕੋਈ ਆਪਣਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕੇ ਇਸਤੋਂ ਇਲਾਵਾ ਉਨ੍ਹਾਂ ਸਮੂਹ ਪ੍ਰਸ਼ਾਸਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁੱਜਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਕਰਮਦੀਨ, ਅਨਵਰ, ਅਬਦੁਲ ਗਫਾਰ, ਅਬਦੁਲ ਰਸੂਲ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਬੀਬੀ ਪੀਰੋਂ ਵਾਲੀ ਮਸਜਿਦ 'ਚ ਪੜ੍ਹੀ ਈਦ ਦੀ ਨਮਾਜ਼

ਰਮਜ਼ਾਨ ਦਾ ਪਵਿੱਤਰ ਮਹੀਨਾ ਖ਼ਤਮ ਹੋਣ 'ਤੇ ਈਦ-ਉਲ-ਫਿਤਰ ਦਾ ਤਿਉਹਾਰ ਬੀਬੀ ਪੀਰੋਂਵਾਲੀ ਮਸਜਿਦ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਮਨਾਇਆ ਗਿਆ। ਇਸ ਮੌਕੇ ਚੰਦ ਕੁ ਲੋਕਾਂ ਨੇ ਸਮਾਜਿਕ ਦੂਰੀ ਰੱਖ ਕੇ ਈਦ ਦੀ ਨਮਾਜ਼ ਅਦਾ ਕੀਤੀ। ਇਸੇ ਦੌਰਾਨ ਮੌਲਾਨਾ ਅਮਾਨਉੱਲਾ ਨੇ ਮੁਸਲਿਮ ਭਰਾਵਾਂ ਨੂੰ ਈਦ ਉੱਲ ਿਫ਼ਤਰ ਦੀ ਨਮਾਜ਼ ਅਦਾ ਕਰਵਾਈ। ਉਪਰੰਤ ਉਨ੍ਹਾਂ ਮੁਲਕ ਦੀ ਤਰੱਕੀ ਤੇ ਸ਼ਾਂਤੀ ਅਤੇ ਭਾਈਚਾਰਕ ਏਕਤਾ ਤੇ ਕੋਰੋਨਾ ਵਾਇਰਸ ਤੋਂ ਮੁਕਤੀ ਲਈ ਲਈ ਦੁਆ ਕੀਤੀ। ਮੌਲਾਨਾ ਅਮਾਨਉੱਲਾ ਨੇ ਸਮੂਹ ਪ੍ਰਸ਼ਾਸਨ ਦਾ ਇਸ ਮੁਸ਼ਕਿਲ ਘੜੀ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਇਸ ਮੌਕੇ ਕੋਰੋਨਾ ਵਾਇਰਸ ਨਾਲ ਲੋਕਾਂ ਨੂੰ ਬਚਾਉਣ ਲਈ ਲੜ ਰਹੇ ਸਮੂਹ ਯੋਧਿਆਂ ਲਈ ਵੀ ਦੁਆ ਕੀਤੀ। ਇਸ ਮੌਕੇ ਆਸਿਫ, ਤਨਵੀਰ, ਨਈਅਰ ਆਦਿ ਨੇ ਮੌਲਾਨਾ ਅਮਾਨਉੱਲਾ ਨੂੰ ਗੁਲਦਸਤਾ ਭੇਟ ਕਰਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਉਮਰ, ਮੁਖ਼ਤਾਰ, ਨਈਮ ਹਾਜ਼ਰ ਸਨ।