ਅਮਰ ਪਾਸੀ, ਫਗਵਾੜਾ

ਕਪੂਰਥਲਾ ਡਿਸਟਿ੍ਕਟ ਕੈਮਿਸਟ ਐਸੋਸੀਏਸ਼ਨ ਨੇ ਕੋਵਿਡ-19 ਕੋਰੋਨਾ ਵਾਇਰਸ ਆਫਤ ਦੌਰਾਨ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਅਰੋਗਿਆ ਸੇਤੂ' ਐਪ ਵਿਚ ਆਨਲਾਈਨ ਦਵਾਈਆਂ ਵੇਚਣ ਵਾਲੀਆ ਕੰਪਨੀਆਂ ਦੇ ਵਿਗਿਆਪਨ ਦਿਖਾਏ ਜਾਣ ਨੂੰ ਲੈ ਕੇ ਸਖ਼ਤ ਇਤਰਾਜ ਪ੍ਰਗਟਾਇਆ ਹੈ। ਅੱਜ ਇਸ ਸਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਨੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਅਗਰਵਾਲ, ਚੇਅਰਮੈਨ ਵਿਪਨ ਅਰੋੜਾ ਅਤੇ ਜਨਰਲ ਸਕੱਤਰ ਕਿ੍ਸ਼ਨ ਕੁਮਾਰ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਈ-ਫਾਰਮੇਸੀ ਕੰਪਨੀਆਂ ਦਾ ਪ੍ਰਚਾਰ ਕਰਕੇ ਦੇਸ਼ ਭਰ ਦੇ 8.50 ਲੱਖ ਕੈਮਿਸਟ ਕਾਰੋਬਾਰੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਕੈਮਿਸਟ ਆਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਲੋਕਾਂ ਨੂੰ ਜ਼ਰੂਰੀ ਦਵਾਈਆਂ ਪਹੁੰਚਾ ਰਹੇ ਹਨ। ਅਰੋਗਿਆ ਸੇਤੂ ਐਪ ਨੂੰ ਕੋਰੋਨਾ ਵਾਇਰਸ ਨਾਲ ਜੁੜੀਆਂ ਮਹੱਤਵਪੂਰਣ ਜਾਣਕਾਰੀਆਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਾਂਚ ਕੀਤੀ ਗਈ ਹੈ। ਕਰੀਬ 11 ਕਰੋੜ ਲੋਕ ਇਸ ਐਪ ਨੂੰ ਆਪਣੇ ਮੋਬਾਇਲ ਫੋਨ ਵਿਚ ਡਾਊਨਲੋਡ ਕਰ ਚੁੱਕੇ ਹਨ। ਇਸ ਐਪ 'ਤੇ ਨਾ ਸਿਰਫ ਈ-ਫਾਰਮੇਸੀ ਕੰਪਨੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਬਲਕਿ ਉਨ੍ਹਾਂ ਦੇ ਵੈਬਸਾਈਟ ਲਿੰਕ ਵੀ ਮੌਜੂਦ ਹਨ ਜੋ ਕਿ ਦੇਸ਼ ਭਰ ਦੇ ਲੱਖਾਂ ਕੈਮਿਸਟਾਂ ਨੂੰ ਤਬਾਹੀ ਦੇ ਕੰਡੇ ਲੈ ਜਾਣ ਵਾਲਾ ਕਦਮ ਹੈ। ਸਰਕਾਰ ਦਾ ਇਹ ਕਦਮ ਡਰਗਜ ਐਂਡ ਕਾਸਮੈਟਿਕ ਐਕਟ ਦੀ ਧਾਰਾ 1940 ਅਤੇ 1945 ਦੀ ਵੀ ਉਲੰਘਣਾ ਹੈ, ਜਿਸ ਸਬੰਧੀ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰਗਿਸਟ ਵਲੋਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਤਰਾਜ ਦਰਜ ਕਰਵਾ ਦਿੱਤਾ ਗਿਆ ਹੈ। ਈ-ਫਾਰਮੇਸੀ ਦੇ ਖਿਲਾਫ ਕਾਫੀ ਅਪੀਲਾਂ ਵੱਖ-ਵੱਖ ਹਾਈ ਕੋਰਟਾਂ ਵਿਚ ਵਿਚਾਰ ਅਧੀਨ ਹਨ ਜਿਸ ਕਰਕੇ ਕਿਸੇ ਸਰਕਾਰੀ ਐਪ 'ਤੇ ਆਨਲਾਈਨ ਦਵਾਈਆਂ ਦੀ ਵਿਕਰੀ ਦਾ ਪ੍ਰਚਾਰ ਕਰਨਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈ-ਮੇਲ ਰਾਹੀਂ ਮੰਗ ਪੱਤਰ ਭੇਜ ਕੇ ਅਰੋਗਿਆ ਐਪ ਤੋਂ ਇਨ੍ਹਾਂ ਵਿਗਿਆਪਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਜੇਕਰ ਜ਼ਰੂਰੀ ਹੋਇਆ ਤਾਂ ਅੰਦੋਲਨ ਵੀ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ