ਸੁਖਪਾਲ ਸਿੰਘ ਹੁੰਦਲ, ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਇੱਥੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਮੰਗਲਵਾਰ ਦੀ ਸ਼ਾਮ ਹਜ਼ਾਰਾਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖ਼ੀਆਂ ਨੂੰ ਸਟੇਜ 'ਤੇ ਰੂਪਮਾਨ ਹੁੰਦਾ ਵੇਖਿਆ। ਆਵਾਜ਼ ਤੇ ਰੋਸ਼ਨੀਆਂ 'ਤੇ ਅਧਾਰਿਤ ਇਸ ਪ੍ਰੋਗਰਾਮ ਦੇ ਅੱਜ ਦੋ ਸ਼ੋਅ ਹੋਏ ਅਤੇ ਦੋਵਾਂ ਸ਼ੋਆਂ ਵਿਚ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਜੀ ਦੇ ਜੀਵਨ ਦੇ ਪ੍ਰੇਰਕ ਪ੍ਰਸੰਗ ਵੇਖੇ। ਇਸ ਮੌਕੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਦੇ ਸ਼ੋਅ ਦੌਰਾਨ ਨਿਮਾਣੇ ਸਿੱਖ ਵਜੋਂ ਸ਼ਿਰਕਤ ਕਰਦਿਆਂ ਸੰਗਤਾਂ ਦੇ ਨਾਲ ਬੈਠ ਕੇ ਇਹ ਸ਼ੋਅ ਵੇਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੇ ਸਮੁੱਚੇ ਜੀਵਨ ਤੋਂ ਸਾਨੂੰ ਆਦਰਸ਼ ਜੀਵਨ ਜਾਚ ਦੀ ਸੋਝੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੇ ਜੀਵਨ ਦੀ ਹਰੇਕ ਘਟਨਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਡੀਆਂ ਨਵੀਂਆਂ ਪੀੜੀਆਂ ਨੂੰ ਗੁਰੂ ਜੀ ਦੇ ਜੀਵਨ, ਫਲਸਫੇ, ਉਨ੍ਹਾਂ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਦੇਣ ਲਈ ਇਹ ਸ਼ੋਅ ਤਿਆਰ ਕਰਵਾਇਆ ਗਿਆ ਹੈ ਜੋ ਕਿ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ 'ਤੇ 15 ਨਵੰਬਰ ਤੱਕ ਜਾਰੀ ਰਹੇਗਾ। ਜਦਕਿ ਇਸ ਤੋਂ ਬਾਅਦ ਸਾਰੇ ਜ਼ਿਲਿ੍ਹਆਂ ਵਿਚ ਇਹ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ 550ਵੇਂ ਗੁਰਪੁਰਬ ਦੇ ਜਸ਼ਨਾਂ ਵਿਚ ਸ਼ਿਰਕਤ ਕਰਨ ਪੁੱਜੀਆਂ ਸੰਗਤਾਂ ਲਈ ਸੂਬਾ ਸਰਕਾਰ ਵਲੋਂ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਲਾਈਟ ਐਂਡ ਸਾਊਂਡ ਸ਼ੋਅ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਧਾਰਮਿਕ ਗਾਇਨ ਰਾਹੀਂ ਸੰਗਤਾਂ ਵਿਚ ਹਾਜ਼ਰੀ ਭਰੀ। ਇੱਥੇ ਜ਼ਿਕਰਯੋਗ ਹੈ ਕਿ 13 ਨਵੰਬਰ ਨੂੰ ਇੱਥੇ ਰਬਾਬ ਪੰਡਾਲ ਵਿਚ ਸ਼ਾਮ 7 ਤੋਂ 8 ਵਜੇ ਤੱਕ ਦੇ ਲਾਈਟ ਐਂਡ ਸਾਊਂਡ ਸ਼ੋਅ ਤੋਂ ਬਾਅਦ ਵੀ ਪੰਜਾਬੀ ਫਨਕਾਰ ਹਰਭਜਨ ਮਾਨ ਧਾਰਮਿਕ ਗਾਇਨ ਪੇਸ਼ ਕਰਨਗੇ। ਜਦਕਿ 14 ਤੇ 15 ਨਵੰਬਰ ਨੂੰ ਸ਼ਾਮ 7 ਤੋਂ 8 ਵਜੇ ਤੱਕ ਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੋਂ ਬਾਅਦ ਪੰਮਾ ਡੂੰਮੇਵਾਲ ਵਲੋਂ ਧਾਰਮਿਕ ਗਾਇਨ ਨਾਲ ਇਥੇ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।