ਰੌਸ਼ਨ ਖੈੜਾ, ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਨਵਾਬ ਜੱਸਾ ਸਿਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੀ ਗਰਾਊਂਡ ਵਿਚ ਹੋਵੇਗਾ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅਤਿ-ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਪ੍ਰਰੋਗਰਾਮ ਲਗਾਤਾਰ ਤਿੰਨ ਦਿਨ ਲੋਕਾਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਅਧਿਆਤਮਕਤਾ ਦੀ ਛਹਿਬਰ ਲਗਾਉਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀਨੀਅਰ ਡੀਪੀਐੱਸ ਖਰਬੰਦਾ ਨੇ ਦੱਸਿਆ ਕਿ 23 ਤੋਂ 25 ਅਕਤੂਬਰ ਤਕ ਡਿਜੀਟਲ ਮਿਊਜ਼ੀਅਮ ਸਥਾਪਿਤ ਕੀਤਾ ਜਾਵੇਗਾ, ਜੋ ਲੋਕਾਂ ਦੇ ਦੇਖਣ ਲਈ ਤਿੰਨੇ ਦਿਨ ਸਵੇਰੇ 6.30 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਮਿਊਜ਼ੀਅਮ ਵਿਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਜ਼ਰੀਏ ਰੂਪਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 24 ਤੇ 25 ਅਕਤੂਬਰ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ 'ਤੇ ਚਾਨਣਾ ਪਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਚੱਲਣਗੇ, ਜੋ ਕਿ ਦੋਵੇਂ ਦਿਨ ਸ਼ਾਮ 7 ਤੋਂ 7.45 ਵਜੇ ਅਤੇ 8.30 ਤੋਂ 9.15 ਵਜੇ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਰੰਗਦਾਰ ਦਿਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲਾ 45 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਕਪੂਰਥਲਾ ਦੀ ਧਰਤੀ 'ਤੇ ਆਪਣੀ ਕਿਸਮ ਦਾ ਅਜਿਹਾ ਪਹਿਲਾ ਸ਼ੋਅ ਹੋਵੇਗਾ। ਉਨ੍ਹਾਂ ਕਪੂਰਥਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਆਪਣੇ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪਹੁੰਚਣ। ਉਨ੍ਹਾਂ ਇਹ ਵੀ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸ਼ਤਾਬਦੀ ਸਮਾਗਮਾਂ ਦੌਰਾਨ 1 ਤੋਂ 12 ਨਵੰਬਰ ਤੱਕ ਅਜਿਹੇ ਪ੍ਰਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ 10 ਤੇ 11 ਨਵੰਬਰ ਨੂੰ ਸਬ-ਡਵੀਜ਼ਨ ਭੁਲੱਥ ਦੇ ਪਿੰਡ ਮੰਡੀ ਮੰਡ ਕੁੱਲਾ ਵਿਖੇ ਬਿਆਸ ਦਰਿਆ ਵਿਚ ਫਲੋਟਿੰਗ ਲਾਈਟ ਐਂਡ ਸ਼ੋਅ ਕਰਵਾਇਆ ਜਾਵੇਗਾ।