ਸੁਖਪਾਲ ਸਿੰਘ ਹੁੰਦਲ, ਕਪੂਰਥਲਾ : 'ਪੰਜਾਬ ਬਿਲਡਿੰਗ ਐਂਡ ਅਦਰਜ਼ ਕੰਨਸਟਰਕਸ਼ਨ ਵੈੱਲਫੇਅਰ ਬੋਰਡ' ਵੱਲੋਂ ਨਿਰਮਾਣ ਕਾਰਜਾਂ 'ਚ ਕੰਮ ਕਰਦੇ ਰਜਿਸਟਰਡ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਵੱਖ-ਵੱਖ 10 ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਐੱਸਡੀਐੱਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ ਨੇ ਉਸਾਰੀ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤਹਿਤ ਲਾਭ ਦੇਣ ਲਈ ਸਬ-ਡਵੀਜ਼ਨ ਪੱਧਰੀ ਕਮੇਟੀ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਕਮੇਟੀ ਵੱਲੋਂ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜੀਫ਼ੇ ਤੇ ਹੋਰਨਾਂ ਮੱਦਾਂ ਨਾਲ ਸਬੰਧਤ 99,79,992 ਰੁਪਏ ਦੇ ਕੁੱਲ 709 ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ। ਰਜਿਸਟਰਡ ਉਸਾਰੀ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਰਿੰਦਰ ਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਛੁੱਟੀ ਦੌਰਾਨ ਯਾਤਰਾ ਦੀ ਸਹੂਲਤ ਲਈ 2 ਹਜ਼ਾਰ ਰੁਪਏ ਦੇਣ ਦਾ ਨਿਯਮ ਹੈ। ਇਸ ਤੋਂ ਇਲਾਵਾ ਵਜੀਫ਼ਾ ਸਕੀਮ ਤਹਿਤ ਕਿਰਤੀਆਂ ਦੇ ਬੱਚਿਆਂ ਨੂੰ 3 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦਾ ਵਜ਼ੀਫਾ ਦਿੱਤਾ ਜਾਂਦਾ ਹੈ। ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਨਕਾਂ, ਦੰਦਾਂ ਤੇ ਸੁਣਨ ਵਾਲੇ ਯੰਤਰਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਰਜਿਸਟਰਡ ਲਾਭਪਾਤਰੀ ਦੀ ਐਕਸੀਡੈਂਟ ਕੇਸ ਵਿਚ ਮੌਤ ਦੀ ਸੂਰਤ ਵਿਚ 4 ਲੱਖ ਰੁਪਏ ਤੇ ਕੁਦਰਤੀ ਮੌਤ ਹੋਣ 'ਤੇ 3 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਿੱਤੀ ਜਾਂਦੀ ਹੈ। ਮੌਤ ਹੋਣ ਉਪਰੰਤ ਦਾਹ-ਸੰਸਕਾਰ ਅਤੇ ਅੰਤਿਮ ਕਿਰਿਆ ਕ੍ਮ ਦੇ ਖ਼ਰਚੇ ਲਈ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਨਿਯਮ ਹੈ। ਰਜਿਸਟਰਡ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗ ਜਾਂ ਅਪੰਗਤਾ ਨਾਲ ਗ੍ਸਤ ਬੱਚਿਆਂ ਦੀ ਸਾਂਭ-ਸੰਭਾਲ ਵਾਸਤੇ 20 ਹਜ਼ਾਰ ਰੁਪਏ ਪ੍ਰਤੀ ਸਾਲਾਨਾ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਉਨ੍ਹਾਂ ਦੇ ਘਰ ਨਵ ਜਨਮੀ ਬੇਟੀ ਲਈ ਬਾਲੜੀ ਤੋਹਫਾ ਸਕੀਮ ਤਹਿਤ 51 ਹਜ਼ਾਰ ਰੁਪਏ ਫਿਕਸ ਡਿਪੋਜ਼ਟ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ 60 ਸਾਲ ਦੀ ਉਮਰ ਪੂਰੀ ਹੋਣ 'ਤੇ ਕਿਰਤੀ ਨੂੰ ਪੈਨਸ਼ਨ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਕਪੂਰਥਲਾ ਜਾਂ ਕਿਰਤ ਇੰਸਪੈਕਟਰ ਗ੍ਰੇਡ-1 ਕਪੂਰਥਲਾ, ਨਿਊ ਗੁਰੂ ਨਾਨਕ ਨਗਰ, ਨਜ਼ਦੀਕ ਮਿਲਟਰੀ ਸਟੇਸ਼ਨ, ਹਮੀਰਾ ਰੋਡ, ਕਪੂਰਥਲਾ ਅਤੇ ਕਿਰਤ ਇੰਸਪੈਕਟਰ ਗ੍ਰੇਡ-1, ਫਗਵਾੜਾ, ਨਵੀਂ ਦਾਣਾ ਮੰਡੀ, ਹੁਸ਼ਿਆਰਪੁਰ ਰੋਡ, ਫਗਵਾੜਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਸ. ਸੁਖਜਿੰਦਰ ਸਿੰਘ ਸਰਾਂ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।