11ਕੇਪੀਟੀ21ਪੀ

ਧਰਨੇ ਦੌਰਾਨ ਮੌਜੂਦ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਸਮੂਹ ਕਾਂਗਰਸੀ ਆਗੂ।

ਵਿਜੇ ਸੋਨੀ, ਫਗਵਾੜਾ

ਸੂਬਾ ਹਾਈਕਮਾਂਡ ਦੇ ਨਿਰਦੇਸ਼ਾਂ ਤਹਿਤ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਕਾਂਗਰਸੀ ਆਗੂਆਂ ਨੇ ਫਗਵਾੜਾ ਹਲਕੇ ਤੇ ਵੱਖ ਵੱਖ ਪੈਟਰੋਲ ਪੰਪਾਂ 'ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਛੋਟੇ ਛੋਟੇ ਇੱਕਠ ਕਰਕੇ 2 ਘੰਟੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੇ ਵਧਾਏ ਗਏ ਭਾਅ ਦਾ ਡੱਟਕੇ ਵਿਰੋਧ ਕੀਤਾ। ਜਾਣਕਾਰੀ ਦਿੰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਕੋਰੋਨਾ ਮਹਾਮਾਰੀ 'ਚ ਲੋਕਾਂ ਦਾ ਦੋ ਡੰਗ ਦੀ ਰੋਟੀ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਮਹਾਮਾਰੀ ਦੀ ਆੜ 'ਚ ਪੈਟਰੋਲ-ਡੀਜ਼ਲ, ਰਸੋਈ ਗੈਸ ਦੇ ਭਾਅ ਵਿਚ ਵਾਧਾ ਕਰਕੇ ਦੇਸ਼ ਦੇ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰ ਰਹੀ। ਕੋਰੋਨਾ ਮਹਾਮਾਰੀ ਨੇ ਹਰ ਵਰਗ ਤੇ ਲੋਕਾਂ ਦੀ ਆਰਥਿਕ ਸਥਿਤੀ ਡਾਂਵਾ ਡੋਲ ਕਰ ਦਿੱਤੀ ਹੈ। ਦੇਸ਼ ਦੇ ਨਾਗਰਿਕਾਂ ਨੂੰ ਸੰਧੇ ਪਏ ਹੋਏ ਹਨ ਕਿ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚਲੇਗਾ। ਪਰ ਰੋਜ਼ਾਨਾ ਕੇਂਦਰ ਸਰਕਾਰ ਵੱਲੋਂ ਕੀਮਤਾਂ 'ਚ ਵਾਧਾ ਕਰਕੇ ਲੋਕਾਂ ਦੀ ਕਮਰ ਤੋੜਣ ਦਾ ਕੰਮ ਕੀਤਾ ਜਾ ਰਿਹਾ ਹੈ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਪੈਟਰੋਲ ਡੀਜ਼ਲ ਦੇ ਭਾਅ ਵਧਣ ਨਾਲ ਟਰਾਂਸਪੋਰਟ ਮਹਿੰਗੀ ਹੋ ਰਹੀ ਹੈ ਜਿਸ ਕਾਰਨ ਖਾਦ ਪਦਾਰਥ ਮਹਿੰਗੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗਲ ਹੈ ਪੁਰੀ ਦੁਨੀਆ 'ਚ ਕੱਚੇ ਤੇਲ ਦੀਆਂ ਕੀਮਤਾ ਘੱਟ ਰਹੀਆਂ ਹਨ ਅਤੇ ਉਥੋਂ ਦੇ ਵਸਨੀਕਾਂ ਨੂੰ ਪੈਟਰੋਲ ਡੀਜ਼ਲ ਰਸੋਈ ਗੈਸ ਸਸਤੇ ਭਾਅ 'ਚ ਉਪਲਬਧ ਹੋ ਰਿਹਾ ਹੈ ਪਰ ਭਾਰਤ ਪਹਿਲਾਂ ਦੇਸ਼ ਹੈ ਜੋ ਸਸਤਾ ਕੱਚਾ ਤੇਲ ਖਰੀਦਕੇ ਇਥੋਂ ਦੇ ਵਸਨੀਕਾ ਤੇ ਮਹਿੰਗੇ ਭਾਅ ਲੱਦ ਰਿਹਾ ਹੈ ਜਿਸਦਾ ਸਿੱਧਾ ਅਸਰ ਦੇਸ਼ ਵਾਸੀਆ ਦੀ ਰਸੋਈ 'ਤੇ ਪੈ ਰਿਹਾ ਹੈ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਰਣ ਕਿਸਾਨ ਸੜਕਾਂ 'ਤੇ ਹਨ,ਬੈਂਕ ਮੁਲਾਜ਼ਮ ਸੜਕਾਂ 'ਤੇ ਹਨ, ਅਧਿਆਪਕ ਸੜਕਾਂ 'ਤੇ ਹੈ,ਕੁਲ ਮਿਲਾਕੇ ਦੇਸ਼ ਦੇ ਸਾਰੇ ਵਸਨੀਕਾਂ ਨੂੰ ਕੇਂਦਰ ਸਰਕਾਰ ਨੇ ਸੜਕਾਂ 'ਤੇ ਬਿਠਾ ਛੱਡਿਆ ਹੈ। ਉਨ੍ਹਾਂ ਅਖਿਆ ਕਿ ਜਦੋ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਦਾ ਰਾਜ ਸੀ ਉਸ ਸਮੇਂ ਪੈਟਰੋਲ ਡੀਜ਼ਲ, ਰਸੋਈ ਗੈਸ ਦੇ ਭਾਅ ਸਥਿਰ ਕੀਤੇ ਹੋਏ ਸਨ। ਜਦੋਂ ਦੀ ਕੇਂਦਰ 'ਚ ਭਾਜਪਾ ਸਰਕਾਰ ਆਈ ਹੈ ਇਸਨੇ ਲੋਕਾਂ ਦਾ ਜੀਣਾ ਹੀ ਮੁਹਾਲ ਕਰ ਛੱਡਿਆ ਹੈ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆ ਨੇ ਕੇਂਦਰ ਸਰਕਾਰ ਤੋਂ ਵਧਾਏ ਗਏ ਭਾਅ ਵਾਪਿਸ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸਮੂਹ ਕਾਂਗਰਸੀ ਆਗੂ ਹਾਜ਼ਰ ਸਨ।