ਕ੍ਰਿਪਾਲ ਸਿੰਘ/ਹਰਮੇਸ਼ ਸਰੋਆ, ਪਾਸ਼ਟਾ/ਫਗਵਾੜਾ

24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਇਕ ਕਤਲ ਦੇ ਕੇਸ ਨੂੰ ਸੁਲਝਾਉਂਦਿਆਂ ਜ਼ਿਲ੍ਹਾ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਤੋਂ ਇਲਾਵਾ ਕਤਲ ਲਈ ਵਰਤੇ ਹਥਿਆਰ ਨੂੰ ਬਰਾਮਦ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਉਰਫ ਬੱਬਾ (23) ਵਾਸੀ ਪਿੰਡ ਬੋਹਾਨੀ ਕਪੂਰਥਲਾ ਵਜੋਂ ਹੋਈ ਹੈ। ਇਕ ਪ੍ਰਰੈੱਸ ਬਿਆਨ ਜਾਰੀ ਕਰਦਿਆਂ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਹਰਕਮਲਪ੍ਰਰੀਤ ਸਿੰਘ ਖੱਖ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਰਾਵਲਪਿੰਡੀ ਪੁਲਿਸ ਨੂੰ ਅੱਡਾ ਬੋਹਾਨੀ ਵਿਖੇ ਪਿੰ੍ਸ ਜਨਰਲ ਸਟੋਰ ਦੁਕਾਨ ਚਲਾਉਣ ਵਾਲੇ ਗੁਰਦੀਪ ਸਿੰਘ (75 ਸਾਲ) ਪੁੱਤਰ ਕਿਸ਼ਨ ਸਿੰਘ ਦੇ ਕਤਲ ਦੀ ਜਾਣਕਾਰੀ ਮਿਲੀ ਸੀ। ਕਾਰਵਾਈ ਕਰਦੇ ਹੋਏ ਐੱਸਪੀ ਤੇ ਡੀਐੱਸਪੀ ਫਗਵਾੜਾ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਮਿ੍ਤਕ ਦੇ ਲੜਕੇ ਦਰਸ਼ਨ ਸਿੰਘ ਦੇ ਬਿਆਨ 'ਤੇ ਕੇਸ ਦਰਜ ਕੀਤਾ ਗਿਆ ਸੀ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਜਦੋਂ ਉਹ ਆਪਣੇ ਪਿਤਾ ਨੂੰ ਚਾਹ ਦੇਣ ਗਿਆ ਤਾਂ ਉਸ ਨੇ ਸੰਦੀਪ ਕੁਮਾਰ ਬੱਬਾ ਨੂੰ ਦੁਕਾਨ ਵਿਚੋਂ ਬਾਹਰ ਆਉਂਦੇ ਵੇਖਿਆ ਜੋ ਕਿ ਘਬਰਾਇਆ ਹੋਇਆ ਲੱਗ ਰਿਹਾ ਸੀ ਅਤੇ ਉਥੋਂ ਭੱਜ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦੁਕਾਨ 'ਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਿਤਾ ਦੇ ਮੱਥੇ 'ਤੇ ਸੱਟ ਲੱਗੀ ਹੋਈ ਸੀ ਤੇ ਉਹ ਜ਼ਮੀਨ 'ਤੇ ਬੇਹੋਸ਼ ਪਏ ਸਨ। ਉਸ ਨੇ ਤੁਰੰਤ ਆਪਣੇ ਗੁਆਂਢੀ ਨੂੰ ਬੁਲਾਇਆ ਤੇ ਆਪਣੇ ਪਿਤਾ ਨੂੰ ਜੌਹਲ ਹਸਪਤਾਲ ਜਲੰਧਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

ਐੱਸਐੱਸਪੀ ਨੇ ਦੱਸਿਆ ਕਿ ਐੱਸਐੱਚਓ ਰਾਵਲਪਿੰਡੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੁਲਜ਼ਮ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਟੀਮ ਨੇ ਪਾਂਸ਼ਟਾ ਮੋੜ ਪਿੰਡ ਸਾਹਨੀ ਤੋਂ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿਚੋਂ ਕਤਲ ਲਈ ਵਰਤੀ ਗਈ ਰਾਡ ਤੇ ਇਕ ਮੋਟਰਸਾਇਕਲ ਬਰਾਮਦ ਕੀਤੀ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਤੇ ਖੁਲਾਸਾ ਕੀਤਾ ਕਿ ਉਸ ਨੇ ਗੁਰਦੀਪ ਦੀ ਹੱਤਿਆ ਇਸ ਲਈ ਕੀਤੀ, ਕਿਉਂਕਿ ਉਹ ਉਸ ਨੂੰ ਉਧਾਰ ਪੈਸੇ ਨਹੀਂ ਦੇ ਰਿਹਾ ਸੀ। ਐੱਸਐੱਸਪੀ ਨੇ ਕਿਹਾ ਕਿ ਮੁਲਜ਼ਮ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਪੂਰੀ ਕਰਨ ਲਈ ਰਿਮਾਂਡ 'ਤੇ ਲਿਜਾਇਆ ਜਾਵੇਗਾ।