ਅਮਰੀਕ ਸਿੰਘ ਮੱਲ੍ਹੀ/ਅਜੈ ਕਨੌਜੀਆ, ਕਪੂਰਥਲਾ

ਕਪੂਰਥਲਾ ਪੁਲਿਸ ਨੇ ਭੁੱਕੀ ਦੀ ਤਸਕਰੀ ਦੇ ਇਕ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਵੀਰਵਾਰ ਨੂੰ ਨਸ਼ਿਆਂ ਵਿਰੁੱਧ ਆਪਣੀ ਜੰਗ ਜਾਰੀ ਰੱਖਦੇ ਹੋਏ ਸੇਬ ਦੇ ਡੱਬਿਆਂ 'ਚ ਲੁਕੋਈ 170 ਕਿਲੋ ਭੁੱਕੀ ਟਰੱਕ ਵਿਚੋਂ ਬਰਾਮਦ ਕਰ ਕੇ ਦੋ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਬਾਵਾ ਵਾਸੀ ਨਿਊ ਆਜ਼ਾਦ ਨਗਰ, ਬਹਾਦਰਕੇ ਅਤੇ ਰੌਕੀ ਪੁੱਤਰ ਬਾਬੂ ਲਾਲ ਵਾਸੀ ਟਿੱਬਾ ਰੋਡ, ਨੇੜੇ ਗੈਸ ਏਜੰਸੀ ਲੁਧਿਆਣਾ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰਰੀਤ ਸਿੰਘ ਖੱਖ ਨੇ ਦੱਸਿਆ ਕਿ ਐੱਸਪੀ (ਇਨਵੈਸਟੀਗੇਸ਼ਨ) ਕਪੂਰਥਲਾ ਦੀ ਦੇਖ-ਰੇਖ ਹੇਠ ਵਿਸ਼ੇਸ਼ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਸੂਚਨਾ ਮਿਲਣ 'ਤੇ ਡੀਐੱਸਪੀ (ਡੀ) ਕਪੂਰਥਲਾ ਅੰਮਿ੍ਤ ਸਰੂਪ ਤੇ ਇੰਚਾਰਜ ਸੀਆਈਏ ਸਟਾਫ ਕਪੂਰਥਲਾ ਸੁਰਜੀਤ ਸਿੰਘ ਦੀ ਅਗਵਾਈ ਹੇਠ ਇਕ ਟੀਮ ਫਗਵਾੜਾ ਹਾਈਵੇ 'ਤੇ ਗਸ਼ਤ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਟਰੱਕ (ਪੀਬੀ-10-ਈਐਸ-1227) ਜੋ ਜੰਮੂ-ਕਸ਼ਮੀਰ ਤੋਂ ਆ ਰਿਹਾ ਸੀ, ਨੂੰ ਰੋਕ ਕੇ ਚੈਕਿੰਗ ਕੀਤੀ ਅਤੇ ਦੌਰਾਨੇ ਚੈਕਿੰਗ ਟਰੱਕ ਵਿਚੋਂ ਸੇਬਾਂ ਦੇ ਡੱਬਿਆਂ ਵਿਚ ਲੁਕੋ ਕੇ ਰੱਖੀ 170 ਕਿਲੋ ਭੁੱਕੀ ਬਰਾਮਦ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਪੰਜਾਬ ਦੇ ਗ੍ਹਿ ਮੰਤਰੀ ਵੱਲੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਤੌਰ 'ਤੇ ਆਉਣ ਵਾਲੇ ਅੰਤਰਰਾਜੀ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਪਿਛਲੇ 15 ਦਿਨਾਂ ਵਿੱਚ ਕਪੂਰਥਲਾ ਪੁਲਿਸ ਵੱਲੋਂ ਇਹ ਦੂਜੀ ਵੱਡੀ ਕਾਰਵਾਈ ਹੈ। 14 ਨਵੰਬਰ ਨੂੰ ਵੀ ਪੁਲਿਸ ਨੇ 250 ਕਿਲੋ ਭੁੱਕੀ ਬਰਾਮਦ ਕੀਤੀ ਸੀ ਅਤੇ ਦੋ ਤਸਕਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਸੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 15 (ਸੀ), 25, 29, 61 ਅਤੇ 85 ਐੱਨਡੀਪੀਐੱਸ ਐਕਟ ਥਾਣਾ ਸਦਰ ਫਗਵਾੜਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਖੁਲਾਸੇ 'ਤੇ ਤਿੰਨ ਮੁਲਜ਼ਮਾਂ ਬਲਜਿੰਦਰ ਸਿੰਘ ਵਾਸੀ ਰੁੜਕਾ ਖੁਰਦ ਜਲੰਧਰ, ਨਿੱਕਾ ਗੁੱਜਰ ਨੇੜੇ ਸੁਧਾਰ ਲੁਧਿਆਣਾ ਤੇ ਬਸ਼ੀਰ ਅਹਿਮਦ ਵਾਸੀ ਬਕੋਰਾ ਗੰਦਾਰਵਾਲ ਜੰਮੂ ਕਸ਼ਮੀਰ ਨੂੰ ਉਕਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਬਾਕੀ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਰੈਕੇਟ ਦੇ ਬਾਕੀ ਮੈਂਬਰਾਂ ਨੂੰ ਕਾਬੂ ਕੀਤਾ ਜਾਵੇਗਾ।