ਅਜੈ ਕਨੌਜੀਆ, ਕਪੂਰਥਲਾ : ਨਸ਼ੀਲੇ ਪਦਾਰਥਾਂ ਦੇ ਖਾਤਮੇ ਲਈ ਆਪਣੀ ਮੁਹਿੰਮ ਦੇ ਤਹਿਤ, ਜ਼ਿਲ੍ਹਾ ਪੁਲਿਸ ਨੇ ਮੰਗਲਵਾਰ ਨੂੰ ਇੱਕ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਤਿੰਨ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 800 ਗ੍ਰਾਮ ਹੈਰੋਇਨ ਅਤੇ 80000/- ਡਰੱਗ ਮਨੀ ਜ਼ਬਤ ਕੀਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਿਉਣ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਤੋਤੀ ਸੁਲਤਾਨਪੁਰ ਲੋਧੀ, ਨਿੰਦਰ ਕੌਰ ਪੁੱਤਰੀ ਜਿਉਣ ਸਿੰਘ ਵਾਸੀ ਤੋਤੀ ਸੁਲਤਾਨਪੁਰ ਲੋਧੀ ਅਤੇ ਬਿਜਾਇਆ ਬਧਰਾ ਪਤਨੀ ਰਾਜਾ ਬਧਰਾ ਵਾਸੀ 5/235 ਗਾਂਧੀ ਕਾਲੋਨੀ ਰੀਜੈਂਟ ਸਟੇਟ ਕਲਕੱਤਾ ਵਜੋਂ ਹੋਈ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀਆਂ ਪੁਲਿਸ ਟੀਮਾਂ ਐਸਪੀ ਡੀ ਵਿਸ਼ਾਲਜੀਤ ਸਿੰਘ ਅਤੇ ਡੀਐਸਪੀ/ਡੀ ਸਰਬਜੀਤ ਰਾਏ ਦੀ ਨਿਗਰਾਨੀ ਹੇਠ ਗਠਿਤ ਕੀਤੀਆਂ ਗਈਆਂ ਹਨ, ਜੋ ਕਿ ਦੇਸ਼ ਵਿਰੋਧੀ ਅਤੇ ਨਸ਼ਾ ਤਸਕਰਾਂ ਦੀਆ ਗਤੀਵਿਧੀਆਂ 'ਤੇ ਨਜ਼ਰ ਰੱਖਦੀਆਂ ਹਨ।

ਚੈਕਿੰਗ ਦੇ ਦੌਰਾਨ ਸੀਆਈਏ ਸਟਾਫ ਦੇ ਐਸਆਈ ਨਿਰਮਲ ਸਿੰਘ ਪੁਲਿਸ ਪਾਰਟੀ ਦੇ ਨਾਲ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਟ ਦੇ ਮੁੱਖ ਗੇਟ, ਜੀਟੀ ਰੋਡ ਜਲੰਧਰ- ਕਪੂਰਥਲਾ ਦੇ ਕੋਲ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਨੇ ਇੱਕ ਸ਼ੱਕੀ ਚਿੱਟੇ ਸਕੂਟੀ ਜਿਸ ਨੂੰ ਇੱਕ ਮੋਨਾ ਮੁੰਡਾ ਚਲਾ ਰਿਹਾ ਸੀ ਤੇ ਜਿਸ ਉਪਰ ਦੋ ਔਰਤਾਂ ਸਵਾਰ ਸਨ। ਪੁਲਿਸ ਪਾਰਟੀ ਨੂੰ ਵੇਖਣ ਤੋਂ ਬਾਅਦ ਉਸਨੇ ਅਚਾਨਕ ਯੂ-ਟਰਨ ਲੈ ਲਿਆ ਅਤੇ ਜਗ੍ਹਾ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹੇਠਾਂ ਡਿੱਗ ਪਿਆ ਅਤੇ ਉਨ੍ਹਾਂ ਨੇ ਆਪਣੀਆਂ ਜੇਬਾਂ ਤੋਂ ਪੋਲੀਥੀਨ ਦੇ ਲਿਫਾਫੇ ਜ਼ਮੀਨ 'ਤੇ ਸੁੱਟ ਦਿੱਤੇ। ਪੁਲਿਸ ਪਾਰਟੀ ਉਨ੍ਹਾਂ ਵੱਲ ਭੱਜੀ ਅਤੇ ਚੈਕਿੰਗ ਦੌਰਾਨ ਇਨ੍ਹਾਂ ਲਿਫਾਫਿਆਂ ਵਿੱਚ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਲਾਸ਼ੀ ਦੇ ਦੌਰਾਨ ਸਕੂਟੀ 'ਚੋਂ 80000/- ਰੁਪਏ ਡਰੱਗ ਮੰਨੀ ਬਰਾਮਦ ਕੀਤੀ।

ਪੁਲਿਸ ਟੀਮ ਨੇ ਉਨ੍ਹਾਂ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਤਹਿਤ ਥਾਣਾ ਸਦਰ ਕਪੂਰਥਲਾ ਵਿਖੇ ਮਾਮਲਾ ਦਰਜ ਕਰ ਲਿਆ ਹੈ।

ਪੁੱਛਗਿੱਛ ਦੌਰਾਨ ਬਿਜਾਇਆ ਬਧਰਾ ਨੇ ਦੱਸਿਆ ਕਿ ਉਹ 400 ਗਰਾਮ ਹੈਰੋਇਨ ਬਰਾਮਦ ਹੋਣ 'ਤੇ ਮੁਕੱਦਮਾ ਨੰਬਰ 146 ਮਿਤੀ 17-10-2019 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਮਕਸੂਦਾਂ ਜਿਲਾ ਜਲੰਧਰ ਵਿੱਚ ਜੇਲ ਗਈ ਸੀ ਤੇ ਮਿਤੀ 01-09-2021 ਨੂੰ ਜੇਲ ਤੋਂ ਬਾਹਰ ਆਈ ਹੈ। ਜੇਲ ਅੰਦਰ ਉਸ ਦੀ ਮੁਲਾਕਾਤ ਜਿਊਣ ਸਿੰਘ ਦੀ ਲੜਕੀ ਸਮਿੱਤਰ ਕੌਰ ਜੋ ਕਿ ਐਨ.ਡੀ.ਪੀ.ਐਸ ਐਕਟ ਦੇ ਕੇਸ ਵਿੱਚ 10 ਸਾਲ ਦੀ ਸਜਾ ਕੱਟ ਰਹੀ ਹੈ ਨਾਲ ਹੋਈ ਸੀ ਜਿਸ ਨੇ ਆਪਣੇ ਪਿਤਾ ਜਿਊਣ ਸਿੰਘ ਅਤੇ ਭੈਣ ਨਿੰਦਰ ਕੌਰ ਨਾਲ ਸੰਪਰਕ ਕਰਾਇਆ ਸੀ।

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਤਸਕਰਾਂ ਨੂੰ ਪੁਲਿਸ ਵੱਲੋਂ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਲਈ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

Posted By: Ramandeep Kaur