ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸੈਨਿਕ ਸਕੂਲ ਕਪੂਰਥਲਾ ਦੇ ਸਟੇਡੀਅਮ 'ਚ ਖੇਡੀਆਂ ਜਾ ਰਹੀਆਂ ਵੱਖ-ਵੱਖ ਖੇਡਾਂ ਦੇ ਨਤੀਜੇ ਜਿੱਥੇ ਰੋਚਕ ਆਏ ਹਨ, ਉੱਥੇ ਹੀ ਖਿਡਾਰੀਆਂ ਵਿਚ ਜੋਸ਼ ਅਤੇ ਜਿੱਤ ਦੇ ਪ੍ਰਤੀ ਜੁਨੂੰਨ ਵੀ ਵੱਧਦਾ ਜਾ ਰਿਹਾ ਹੈ। ਪੰਜੋਂ ਸੈਨਿਕ ਸਕੂਲ ਕਪੂਰਥਲਾ, ਨਗਰੋਟਾ, ਕੁੰਜਪੁਰਾ, ਟੀਰਾ ਅਤੇ ਘੋੜਾਖਾਲ ਦੀਆਂ ਟੀਮਾਂ ਆਪਣੀ-ਆਪਣੀ ਜਿੱਤ ਦੀ ਉਮੀਦ ਲਗਾ ਰਹੇ ਹਨ। ਇਸ ਲੜੀ ਵਿਚ ਮੰਗਲਵਾਰ ਦੇਰ ਸ਼ਾਮ ਆਏ ਨਤੀਜੇ ਕਾਫੀ ਰੋਚਕ ਰਹੇ ਹਨ। ਇਸ ਦੌਰਾਨ ਹਾਕੀ ਮੈਚ ਵਿਚ ਟੀਰਾ ਨੇ ਨਗਰੋਟਾ 1-0 ਨਾਲ ਹਰਾਇਆ। ਵਾਲੀਵਾਲ ਵਿਚ ਕੁੰਜਪੁਰਾ ਨੇ ਨਗਰੋਟਾ ਨੂੰ 3-2 ਦੇ ਸੈਟ ਨਾਲ ਹਰਾਇਆ। ਬਾਸਕਿਟਬਾਲ ਵਿਚ ਕਪੂਰਥਲਾ ਨੇ ਘੋੜਾਖਾਲ ਨੂੰ 66-40 ਨਾਲ ਹਰਾਇਆ, ਜਦਕਿ ਫੁੱਟਬਾਲ ਜੂਨੀਅਰ ਵਿਚ ਕਪੂਰਥਲਾ ਨੇ ਕੁੰਜਪੁਰਾ ਤੋਂ 2-1 ਗੋਲ ਨਾਲ ਜਿੱਤ ਹਾਸਲ ਕੀਤੀ ਅਤੇ ਫੁੱਟਬਾਲ ਸਬ ਜੂਨੀਅਰ ਵਿਚ ਘੋੜਾਖਾਲ ਨੇ ਟੀਰਾ ਨੂੰ 2-0 ਦੇ ਅੰਤਰ ਨਾਲ ਹਰਾ ਕੇ ਬਾਜ਼ੀ ਮਾਰੀ। ਮੁਕਾਬਲੇਬਾਜ਼ੀ ਦੀ ਲੜੀ ਵਿਚ ਅੱਜ ਸਵੇਰੇ ਹੋਏ ਖੇਡ ਕਾਫੀ ਖਿੱਚ ਦਾ ਕੇਂਦਰ ਰਹੀ। ਕਿਸੇ ਨੂੰ ਉਮੀਦ ਤੋਂ ਜ਼ਿਆਦਾ ਲਾਭ ਮਿਲਿਆ ਤਾਂ ਕਿਸੇ ਨੂੰ ਉਦਾਸੀ ਮਿਲੀ। ਇਸ ਦੌਰਾਨ ਵਾਲੀਬਾਲ ਵਿਚ ਘੋੜਾਖਾਲ ਅਤੇ ਨਗਰੋਟਾ ਦੇ ਵਿਚ ਤੇਜ ਮੁਕਾਬਲਾ ਦੇਖਿਆ ਗਿਆ ਪਰ ਨਗਰੋਟਾ ਨੇ ਘੋੜਾਖਾਲ ਨੂੰ ਹੋਏ ਤਿੰਨੋਂ ਸੈੱਟਾਂ ਵਿਚ ਸ਼ੁਰੂ ਵਿਚ ਹੀ ਹਰਾ ਦਿੱਤਾ। ਇਸੇ ਤਰ੍ਹਾਂ ਹੀ ਹਾਕੀ ਵਿਚ ਕਪੂਰਥਲਾ ਨੇ ਟੀਰਾ ਨੂੰ 5-2 ਦੇ ਗੋਲ ਅੰਤਰ ਨਾਲ ਹਰਾ ਦਿੱਤਾ। ਜਦਕਿ ਬਾਸਕੇਟਬਾਲ ਵਿਚ ਵੀ ਕਪੂਰਥਲਾ ਨੇ ਨਗਰੋਟਾ ਨੂੰ 52-43 ਪੁਆਇੰਟ ਦੇ ਅੰਤਰ ਨਾਲ ਹਰਾਇਆ। ਉਥੇ ਹੀ ਫੁੱਟਬਾਲ ਜੂਨੀਅਰ ਵਿਚ ਕੁੰਜਪੁਰਾ ਨੇ ਟੀਰਾ ਨੂੰ 2-1 ਨਾਲ ਹਰਾਇਆ ਅਤੇ ਫੁੱਟਬਾਲ ਸਬ-ਜੂਨੀਅਰ ਵਿਚ ਘੋੜਾਖਾਲ ਅਤੇ ਕੁੰਜਪੁਰਾ ਵਿਚ ਕਾਂਟੇ ਦੀ ਟੱਕਰ ਹੋਈ, ਪਰ ਅਖੀਰ ਵਿਚ ਮੈਚ 1-1 ਦੇ ਗੋਲ 'ਤੇ ਮੈਚ ਬਰਾਬਰ ਹੋ ਗਿਆ।