ਅਸ਼ੋਕ ਗੋਗਨਾ, ਕਪੂਰਥਲਾ : ਸਰਕਾਰੀ ਸਿਹਤ ਕੇਂਦਰਾਂ 'ਚ ਮਰੀਜ਼ਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਕਾਇਆ ਕਲਪ' ਮੁਹਿੰਮ ਵਿਚ ਇਕ ਵਾਰ ਫੇਰ ਤੋਂ ਸਿਹਤ ਵਿਭਾਗ ਕਪੂਰਥਲਾ ਦੇ ਸਿਹਤ ਕੇਂਦਰਾਂ ਨੇ ਬਾਜ਼ੀ ਮਾਰੀ। ਸਟੇਟ ਵਲੋਂ ਐਲਾਨੇ ਨਤੀਜਿਆਂ ਅਨੁਸਾਰ ਕੁੱਲ 14 ਐਵਾਰਡ ਲੈ ਕੇ ਸਿਹਤ ਵਿਭਾਗ ਕਪੂਰਥਲਾ ਇਕ ਵਾਰ ਫੇਰ ਰਾਜ ਪੱਧਰ 'ਤੇ ਆਪਣਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ 'ਕਾਇਆ ਕਲਪ' ਮੁਹਿੰਮ ਸਵੱਛ ਭਾਰਤ ਮੁਹਿੰਮ ਦਾ ਇਕ ਹਿੱਸਾ ਹੈ ਜਿਸ ਦਾ ਉਦੇਸ਼ ਸਰਕਾਰੀ ਸਿਹਤ ਕੇਂਦਰਾਂ ਦਾ ਮਿਆਰ ਉੱਚਾ ਚੁੱਕਣਾ ਹੈ ਇਸ ਦੇ ਤਹਿਤ ਸਿਹਤ ਕੇਂਦਰਾਂ ਵਿਚ ਸਾਫ-ਸਫਾਈ ਅਤੇ ਵਧੀਆਂ ਰੱਖ-ਰਖਾਅ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸਿਹਤ ਕੇਂਦਰਾਂ ਦੀ ਗੁਣਵੱਤਾ ਨੂੰ ਵੇਸਟ ਮੈਨੇਜਮੈਂਟ, ਹਾਈਜੀਨ ਪ੍ਮੋਸ਼ਨ, ਸਪੋਰਟ ਸਰਵਿਸ ਅਤੇ ਇੰਨਫੈਕਸ਼ਨ ਕੰਟਰੋਲ ਮੈਨੇਜਮੈਂਟ ਆਦਿ ਬਿੰਦੂਆਂ ਦੇ ਆਧਾਰ 'ਤੇ ਪਰਖਿਆ ਜਾਂਦਾ ਹੈ ਡਾ.ਬਲਵੰਤ ਸਿੰਘ ਨੇ ਇਸ ਸਫਲਤਾ ਅਤੇ ਕਾਇਆ ਕਲਪ ਟੀਮ ਦੀ ਸ਼ਲਾਘਾ ਕੀਤੀ ਅਤੇ ਐਵਾਰਡ ਹਾਸਲ ਕਰਨ ਵਾਲੇ ਸਿਹਤ ਕੇਂਦਰਾਂ ਨੂੰ ਵਧਾਈ ਦਿੱਤੀ।

-ਬਾਕਸ-

ਸਾਰਿਆਂ ਦੇ ਸਹਿਯੋਗ ਦਾ ਨਤੀਜਾ : ਡਾ. ਦੁੱਗਲ

ਇਸ ਸਬੰਧੀ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਕਾਇਆ ਕਲਪ ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਸਾਰਿਕਾ ਦੁੱਗਲ ਦਾ ਕਹਿਣਾ ਹੈ ਕਿ 'ਕਾਇਆ ਕਲਪ' ਮੁਹਿੰਮ ਦੀ ਕਸੌਟੀ ਵਿਚ ਖਰਾ ਉਤਰ ਕੇ ਜਿਹੜੇ ਐਵਾਰਡ ਸਰਕਾਰੀ ਸਿਹਤ ਕੇਂਦਰਾਂ ਨੂੰ ਮਿਲੇ ਹਨ, ਉਸ ਲਈ ਸਭ ਵਧਾਈ ਦੇ ਪਾਤਰ ਹਨ। ਉਨ੍ਹਾਂ ਇਸ ਸਫਲਤਾ ਦਾ ਸਿਹਰਾ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਕੁਸ਼ਲ ਮਾਰਗਦਰਸ਼ਨ ਨੂੰ ਦਿੱਤਾ। ਡਾ. ਦੁੱਗਲ ਨੇ ਇਹ ਵੀ ਕਿਹਾ ਕਿ ਕਾਇਆ ਕਲਪ ਦੇ ਸਾਰੇ ਬਿੰਦੂਆਂ 'ਤੇ ਖਰਾ ਉਤਰਣਾ ਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਨੂੰ ਇਸ ਮੁਹਿੰਮ ਨਾਲ ਜੋੜਣਾ ਉਨ੍ਹਾਂ ਲਈ ਇਕ ਚੁਣੌਤੀ ਸੀ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਸਿਹਤ ਕੇਂਦਰਾਂ ਦੇ ਇਸ ਮਿਆਰ ਨੂੰ ਕਾਇਮ ਰੱਖਿਆ ਜਾਵੇਗਾ। ਡਾ. ਦੁੱਗਲ ਨੇ ਕਿਹਾ ਕਿ ਮਰੀਜ਼ਾਂ ਦੀ ਸਿਹਤ ਸੁਰੱਖਿਆ ਅਤੇ ਉੱਚ ਸਿਹਤ ਸਹੂਲਤਾਂ ਦੇਣ ਲਈ ਉਹ ਵਚਨਬੱਧ ਹਨ।