ਅਰਸ਼ਦੀਪ ਸਿੰਘ/ਕੁਲਬੀਰ ਮਿੰਟੂ, ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇਕ ਸਪੈਸ਼ਲ ਆਪਰੇਸ਼ਨ ਦੌਰਾਨ 5 ਕਰੋੜ ਦੀ ਹੈਰੋਇਨ ਤੇ 46 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਤਫਤੀਸ਼ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਸਰਬਜੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਡਡਵਿੰਡੀ ਤੋਂ ਤਾਸ਼ਪੁਰ ਰੋਡ 'ਤੇ ਨਾਕਾਬੰਦੀ ਕਰਦੇ ਹੋਏ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪਿੰਡ ਭੌਰ ਵਲੋਂ ਤੇਜ਼ ਰਫਤਾਰ ਆ ਰਹੀ ਗੱਡੀ ਨੰਬਰ ਪੀਬੀ38-3786 ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਕਾਰ ਦਾ ਪਿਛਲਾ ਹਿੱਸਾ ਝੋਨੇ ਦੇ ਖੇਤਾਂ 'ਚ ਉਤਰ ਗਿਆ। ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰਦੇ ਹੋਏ ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਜਰਨੈਲ ਸਿੰਘ ਵਾਸੀ ਸੈਚਾਂ ਥਾਣਾ ਸੁਲਤਾਨਪੁਰ ਦੱਸਿਆ। ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 1 ਕਿੱਲੋਂ ਹੈਰੋਇਨ ਤੇ 46 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਐੱਸਪੀ ਢਿੱਲੋਂ ਨੇ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਪਹਿਲਾ ਹੀ ਪੰਜ ਮੁਕੱਦਮੇ ਦਰਜ ਹਨ ਅਤੇ ਤਿੰਨ ਮੁਕੱਦਮਿਆਂ 'ਚ ਇਹ ਪੀਓ ਚੱਲ ਰਿਹਾ ਹੈ। ਇਨ੍ਹਾਂ ਵਿਚ ਇਕ ਮੁਕੱਦਮਾ ਥਾਣਾ ਸਿਟੀ ਖੰਨਾ ਵਿਚ ਦਰਜ ਹੈ। ਮੁਲਜ਼ਮ ਦੇ ਪਿਤਾ ਜਰਨੈਲ ਸਿੰਘ ਪੁੱਤਰ ਗੋਪਾਲ ਸਿੰਘ 'ਤੇ ਵੀ ਇਕ ਮੁਕੱਦਮਾ ਦਰਜ ਹੈ। ਇਸ ਦੀ ਮਾਂ ਮਨਜੀਤ ਕੌਰ ਉਰਫ ਜੱਟੀ ਖਿਲਾਫ ਵੀ ਨਸ਼ਾ ਤਸਕਰੀ ਦੇ ਪੰਜ ਮੁਕੱਦਮੇ ਦਰਜ ਹਨ। ਮੁਲਜ਼ਮ ਦੇ ਭਰਾ ਤਰਲੋਚਨ ਸਿੰਘ, ਲਖਬੀਰ ਸਿੰਘ ਅਤੇ ਯੁਗਰਾਜ ਸਿੰਘ ਖਿਲਾਫ ਵੀ ਇਕ ਮੁਕੱਦਮਾ ਦਰਜ ਹੈ ਜੋ ਕਿ ਇਹ ਗੁਰਭੇਜ ਸਿੰਘ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਤੋਂ ਪੀਓ ਕਰਾਰ ਹੋਣ 'ਤੇ ਬਾਹਰ ਦੇ ਜ਼ਿਲ੍ਹਿਆਂ 'ਚ ਨਸ਼ਾ ਸਪਲਾਈ ਕਰਦਾ ਸੀ। ਐੱਸਪੀ ਢਿੱਲੋਂ ਨੇ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮ ਖਿਲਾਫ ਥਾਣਾ ਸੁਲਤਾਨਪੁਰ ਲੋਧੀ 'ਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਦੇ ਹੋਏ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Posted By: Seema Anand