ਅਜੈ ਕਨੌਜੀਆ, ਕਪੂਰਥਲਾ : ਪੋਲੈਂਡ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਇਕ ਵਿਅਕਤੀ ਨੂੰ ਸੱਤ ਮਹੀਨੇ ਤੱਕ ਅਰਮੀਨੀਆ ਵਿਚ ਬਿਠਾ ਕੇ 10 ਲੱਖ ਰੁਪਏ ਦੀ ਰਕਮ ਠੱਗ ਲਈ। ਅਰਮੀਨੀਆਂ ਤੋਂ ਮੁਸ਼ਕਿਲ ਨਾਲ ਵਿਅਕਤੀ ਭਾਰਤ ਪਹੁੰਚਿਆ ਤਾਂ ਟਰੈਵਲ ਏਜੰਟ ਰਕਮ ਵਾਪਸ ਕਰਨ ਦੀ ਬਜਾਏ ਧਮਕੀਆਂ ਦੇਣ ਲੱਗਾ। ਥਾਣਾ ਸੁਭਾਨਪੁਰ ਵਿਚ ਜਲੰਧਰ ਦੇ ਦੋਸ਼ੀ ਟਰੈਵਲ ਏਜੰਟ ਖ਼ਿਲਾਫ਼ ਧੋਖਾਧੜੀ ਤੇ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਤਹਿਤ ਆਉਂਦੇ ਕਸਬਾ ਨਡਾਲਾ ਦੇ ਨਿਵਾਸੀ ਨਵੀਨ ਕੁਮਾਰ ਪੁੱਤਰ ਬਲਦੇਵ ਰਾਜ ਨੇ ਐੱਸਐੱਸਪੀ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਆਪਣੇ ਕੰਮਕਾਜ ਲਈ ਵਿਦੇਸ਼ ਵਿਚ ਜਾਣਾ ਚਾਹੁੰਦਾ ਸੀ। ਉਸ ਦਾ ਨਡਾਲਾ ਸਥਿਤ ਇਕ ਨਿੱਜੀ ਸਕੂਲ ਦੇ ਮਾਸਟਰ ਬਲਦੇਵ ਰਾਜ ਦੇ ਕੋਲ ਆਉਣਾ-ਜਾਣਾ ਸੀ। ਸਕੂਲ ਮਾਲਕ ਨੇ ਉਸ ਨੂੰ ਜਲੰਧਰ ਦੀ ਰਾਮਾ ਮੰਡੀ ਦੇ ਲੱਦੇਵਾਲੀ ਰੋਡ 'ਤੇ ਸਥਿਤ ਮਾਨ ਸਿੰਘ ਨਗਰ ਨਿਵਾਸੀ ਟਰੈਵਲ ਏਜੰਟ ਰਮਨ ਕੁਮਾਰ ਬਾਰੇ ਦੱਸਿਆ ਕਿ ਰਮਨ ਲੋਕਾਂ ਨੂੰ ਜਾਇਜ਼ ਤਰੀਕੇ ਨਾਲ ਪੋਲੈਂਡ ਭੇਜਦਾ ਹੈ। ਉਸ ਨੇ ਰਮਨ ਸਿੰਘ ਨਾਲ ਪੋਲੈਂਡ ਜਾਣ ਬਾਰੇ ਗੱਲਬਾਤ ਕੀਤੀ ਤਾਂ ਸੌਦਾ 8.50 ਲੱਖ ਰੁਪਏ ਵਿਚ ਤੈਅ ਹੋ ਗਈ। ਉਥੇ ਹੀ ਰਮਨ ਦੇ ਘਰ ਆਪਣਾ ਪਾਸਪੋਰਟ ਤੇ 1.5 ਲੱਖ ਰੁਪਏ ਲੈ ਗਿਆ ਅਤੇ ਉਸ ਨੂੰ ਦੇ ਦਿੱਤੇ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਆਪਣੇ ਬੈਂਕ ਖਾਤੇ ਤੋਂ 8.86 ਲੱਖ ਰੁਪਏ ਦੀ ਰਕਮ ਕੱਢਵਾ ਲਈ ਤੇ ਦੋਸ਼ੀ ਰਮਨ ਕੁਮਾਰ ਨੂੰ ਦਿੱਤੀ ਅਤੇ ਨਾਲ ਹੀ 1 ਲੱਖ 39 ਹਜ਼ਾਰ 400 ਰੁਪਏ ਦੀ ਨਗਦੀ ਤੋਂ ਦੋ ਹਜ਼ਾਰ 1 ਡਾਲਰ ਲਏ। ਇਸ ਤੋਂ ਬਾਅਦ ਦੋਸ਼ੀ ਰਮਨ ਕੁਮਾਰ ਨੇ ਉਸ ਦੀ ਪੋਲੈਂਡ ਦੀ ਥਾਂ ਅਰਮੀਨੀਆ ਦੀ ਫਲਾਈਟ ਕਰਵਾ ਦਿੱਤੀ। ਅਰਮੀਨੀਆਂ ਪੁੱਜ ਕੇ ਉਸ ਨੇ ਏਜੰਟ ਨੂੰ ਫੋਨ ਕੀਤਾ ਤਾਂ ਉਸ ਨੇ ਕਾਲ ਰਿਸੀਵ ਕਰਨਾ ਬੰਦ ਕਰ ਦਿੱਤਾ। ਇਸ ਦੌਰਾਨ ਉਸ ਨੂੰ ਰਹਿਣ ਵਾਲੇ ਖਾਣ ਪੀਣ ਦਾ ਖਰਚਾ ਵੀ ਨਹੀਂ ਦਿੱਤਾ ਗਿਆ। ਬਾਅਦ ਵਿਚ ਉਸ ਦੇ ਪਿਤਾ ਏਜੰਟ ਨੂੰ ਮਿਲਦੇ ਤਾਂ ਉਸ ਨੇ ਵਿਸ਼ਵਾਸ ਦਿਵਾਇਆ ਕਿ ਉਹ ਬਹੁਤ ਜਲਦ ਨਵੀਨ ਨੂੰ ਅਰਮੀਨੀਆ ਤੋਂ ਪੋਲੈਂਡ ਭੇਜੇਗਾ। ਪਰ ਲਾਰਿਆਂ 'ਚ ਹੀ ਸੱਤ ਮਹੀਨੇ ਲੰਘ ਗਏ ਅਤੇ ਉਸ ਦਾ ਵੀਜ਼ਾ ਵੀ ਖਤਮ ਹੋਣ ਲੱਗਾ। ਇਸ 'ਤੇ ਉਸ ਨੇ ਇਕ ਵਾਰ ਤਾਂ ਵੀਜ਼ਾ ਦੀ ਡੇਟ ਅੱਗੇ ਵਧਾ ਲਈ, ਪਰ ਫਿਰ ਵੀ ਏਜੰਟ ਰਮਨ ਨੇ ਉਸ ਨੂੰ ਪੋਲੈਂਡ ਨਹੀਂ ਭੇਜਿਆ। ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਿਆ। ਵਾਪਸ ਆਉਣ 'ਤੇ ਜਦੋਂ ਉਸ ਨੇ ਟਰੈਵਲ ਏਜੰਟ ਰਮਨ ਕੁਮਾਰ ਨੂੰ ਰਕਮ ਵਾਪਸ ਕਰਨ ਲਈ ਦਬਾਅ ਪਾਇਆ ਤਾਂ ਉਹ ਧਮਕੀਆਂ ਦੇਣ ਲੱਗ ਪਿਆ। ਇਸ 'ਤੇ ਇਨਸਾਫ ਲਈ ਉਸ ਨੇ ਐੱਸਐੱਸਪੀ ਦੇ ਸਾਹਮਣੇ ਗੁਹਾਰ ਲਗਾਈ, ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਐੱਸਪੀ ਭੁਲੱਥ ਡਾ. ਸਿਮਰਤ ਕੌਰ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਉਪਰੰਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।