ਅਸ਼ੋਕ ਗੋਗਨਾ, ਕਪੂਰਥਲਾ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਕੀਤੇ ਪੁਖਤਾ ਪ੍ਰਬੰਧਾਂ ਦੇ ਨਤੀਜੇ ਵਜੋਂ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਨਿਰਵਿਘਨ ਤਰੀਕੇ ਨਾਲ ਚਾਲੂ ਹੈ। ਬੀਤੀ 26 ਅਕਤੂਬਰ ਤਕ ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ 7 ਲੱਖ ਮੀਟਰਿਕ ਟਨ ਨੂੰ ਪਾਰ ਕਰ ਗਈ ਹੈ। ਹੁਣ ਤਕ ਜ਼ਿਲ੍ਹੇ ਅੰਦਰ 720658 ਮੀਟਰਕ ਟਨ ਝੋਨੇ ਦੀ ਖਰੀਦ ਹੋਈ ਹੈ ਤੇ ਰੋਜ਼ਾਨਾ 22 ਹਜ਼ਾਰ ਮੀਟਿ੍ਕ ਟਨ ਝੋਨਾ ਮੰਡੀਆਂ ਅੰਦਰ ਖਰੀਦ ਲਈ ਆ ਰਿਹਾ ਹੈ। ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਨੇ ਇਸ ਵਾਰ ਝੋਨੇ ਦੀ ਖਰੀਦ 'ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ ਅਤੇ ਖਰੀਦ ਦੇ 48 ਘੰਟੇ ਦੇ ਅੰਦਰ-ਅੰਦਰ ਹੀ ਲਿਫਟਿੰਗ ਤੇ ਅਦਾਇਗੀ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਖਰੀਦ ਕੀਤੇ ਝੋਨੇ ਵਿਚੋਂ 695781 ਮੀਟਿ੍ਕ ਟਨ ਦੀ ਚੁਕਾਈ ਹੋ ਚੁੱਕੀ ਹੈ, ਜੋ ਕਿ ਨਿਰਧਾਰਿਤ ਮਾਪਦੰਡਾਂ ਅਨੁਸਾਰ 107 ਫੀਸਦੀ ਬਣਦੀ ਹੈ। ਡੀਸੀ ਨੇ ਇਸ ਗੱਲ 'ਤੇ ਤਸੱਲੀ ਜਤਾਈ ਕਿ ਕਪੂਰਥਲਾ ਜ਼ਿਲ੍ਹੇ ਵਲੋਂ ਸੂਬੇ ਭਰ ਨਾਲੋਂ ਜ਼ਿਆਦਾ ਅਦਾਇਗੀ ਕਰ ਦਿੱਤੀ ਗਈ ਹੈ, ਜੋ ਕਿ ਕੁੱਲ 1170.92 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਕੁੱਲ ਖਰੀਦ ਕੀਤੇ ਝੋਨੇ ਦੇ ਇਵਜ਼ ਵਿਚ ਕਿਸਾਨਾਂ ਨੂੰ ਬਣਦੀ ਕੁੱਲ ਰਕਮ 1273.79 ਕਰੋੜ ਵਿਚੋਂ 1170.92 ਕਰੋੜ ਦੀ ਅਦਾਇਗੀ ਨਾਲ ਹੁਣ ਤਕ 92 ਫੀਸਦੀ ਅਦਾਇਗੀ ਹੋ ਚੁੱਕੀ ਹੈ। ਸਰਕਾਰੀ ਖਰੀਦ ਏਜੰਸੀਆਂ ਵਿਚੋਂ ਸਭ ਤੋਂ ਵੱਧ ਪਨਗਰੇਨ ਨੇ 314451 ਮੀਟਰਕ ਟਨ, ਮਾਰਕਫੈਡ ਨੇ 216761 ਮੀਟਰਕ ਟਨ, ਪਨਸਪ ਨੇ 122693 ਮੀਟਰਕ ਟਨ ਤੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਨੇ 56840 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ। ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਪ੍ਰਰਾਈਵੇਟ ਖਰੀਦਦਾਰਾਂ ਵਲੋਂ ਕੇਵਲ 59 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜੋ ਕਿ ਕੁੱਲ ਖਰੀਦ ਦਾ 0.01 ਫੀਸਦੀ ਬਣਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਚੁੱਕਣ ਦੇ ਮਕਸਦ ਨਾਲ ਸਰਕਾਰੀ ਖਰੀਦ ਏਜੰਸੀਆਂ ਵਲੋਂ 30 ਨਵੰਬਰ ਤਕ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕੀਤੀ ਜਾਵੇਗੀ।