ਡਾਇਸਪਨੀਆ ਦੇ ਵੱਧ ਰਹੇ ਕੇਸ : ਡਾ. ਮੋਦੀ
ਡਾਇਸਪਨੀਆ (ਸਾਹ ਫੁੱਲਣਾ) ਦੇ ਵੱਧ ਰਹੇ ਕੇਸ : ਡਾ. ਦੀਪਕ ਮੋਦੀ
Publish Date: Tue, 02 Dec 2025 10:14 PM (IST)
Updated Date: Tue, 02 Dec 2025 10:17 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਇਲਾਕੇ ਵਿਚ ਪਿਛਲੇ ਕੁਝ ਸਮਿਆਂ ਤੋਂ ਡਾਇਸਪਨੀਆ ਜਿਸਨੂੰ ਆਮ ਤੌਰ ’ਤੇ ਸਾਹ ਚੜ੍ਹਣਾ ਜਾਂ ਸਾਹ ਫੁੱਲਣਾ ਕਿਹਾ ਜਾਂਦਾ ਹੈ, ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਸਬੰਧੀ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਦੀਪਕ ਮੋਦੀ ਛਾਤੀ ਦੇ ਮਾਹਿਰ, ਐਲਰਜੀ, ਸਾਹ ਅਤੇ ਦਮੇ ਦੇ ਮਾਹਿਰ, ਨੇ ਦੱਸਿਆ ਹੈ ਕਿ ਸਾਹ ਫੁੱਲਣ ਦੇ ਮੁੱਖ ਕਾਰਣ ਕੀ ਕੀ ਹੁੰਦੇ ਹਨ। ਡਾ. ਮੋਦੀ ਮੁਤਾਬਕ ਸਾਹ ਕਈ ਕਾਰਣਾਂ ਕਰਕੇ ਫੁੱਲ ਸਕਦਾ ਹੈ, ਜਿਵੇਂ ਕਿ ਖੂਨ ਦੀ ਕਮੀ, ਦਿਲ ਦੀ ਕਮਜ਼ੋਰੀ, ਛਾਤੀ ਵਿਚ ਦਰਦ ਨਾਲ ਸਾਹ ਚੜ੍ਹਣਾ, ਦਿਲ ਦੇ ਦੌਰੇ ਦੀ ਸ਼ੁਰੂਆਤੀ ਨਿਸ਼ਾਨੀ, ਕਰੋਨਿਕ ਬਰੋਂਕਾਈਟਸ, ਸੀਓਪੀਡੀ, ਫੇਫੜੇ ਵਿਚ ਪਾਣੀ ਭਰ ਜਾਣਾ, ਦਮਾ, ਨਿਮੋਨੀਆ, ਫੇਫੜਿਆਂ ਦੇ ਫਾਈਬਰੋਸਿਸ, ਖੂਨ ਵਿਚ ਕਲਾਟ ਬਣ ਕੇ ਫੇਫੜੇ ਵਿਚ ਫਸ ਜਾਣਾ ਆਦਿ। ਮਰੀਜ਼ਾਂ ਵਿਚ ਮਿਲ ਰਹੇ ਲੱਛਣ : ਹਲਕੀ ਮਿਹਨਤ ’ਤੇ ਵੀ ਸਾਹ ਚੜ੍ਹਣਾ, ਛਾਤੀ ’ਚ ਦਰਦ, ਘਬਰਾਹਟ, ਚੱਕਰ, ਪੈਰ ਸੁੱਜ ਜਾਣਾ, ਖਾਂਸੀ ਨਾਲ ਜ਼ਿਆਦਾ ਸਾਹ ਫੁੱਲਣਾ, ਲੰਮਾ ਸਮਾਂ ਬੈਠੇ ਜਾਂ ਲੇਟੇ ਰਹਿਣ ’ਤੇ ਵੀ ਦਿਕਤ ਆਉਣੀ ਆਦਿ ਹੁੰਦੇ ਹਨ। ਜਲੰਧਰ ਇਲਾਕੇ ਦੇ ਪ੍ਰਸਿੱਧ ਚੈਸਟ ਐਂਡ ਅਲਰਜਿਕ ਮਾਹਿਰ ਡਾਕਟਰ ਡਾ. ਦੀਪਕ ਮੋਦੀ ਨੇ ਕਿਹਾ, “ਡਾਇਸਪਨੀਆ ਕੋਈ ਆਮ ਸਮੱਸਿਆ ਨਹੀਂ ਹੈ। ਜੇ ਕਿਸੇ ਨੂੰ ਚਲਦਿਆਂ, ਪੌੜੀਆਂ ਚੜ੍ਹਦਿਆਂ, ਜਾਂ ਬਿਨਾ ਮਿਹਨਤ ਕੀਤੇ ਵੀ ਸਾਹ ਚੜ੍ਹੇ, ਤਾਂ ਇਹ ਦਿਲ ਜਾਂ ਫੇਫੜਿਆਂ ਦੀ ਸਮੱਸਿਆ ਦਾ ਪਹਿਲਾ ਸੰਕੇਤ ਹੋ ਸਕਦਾ ਹੈ। ਲੋਕ ਇਸਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਇਹ ਦਿਲ ਦੇ ਦੌਰੇ, ਫੇਫੜਿਆਂ ਦੇ ਇਨਫੈਕਸ਼ਨ, ਜਾਂ ਦਮੇ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਜੇ ਸਾਹ ਵੱਧ ਫੁੱਲ ਰਿਹਾ ਹੈ, ਤੁਰੰਤ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।” ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਜੇ ਪੈਰ ਸੁੱਜਣ, ਛਾਤੀ ਦਰਦ, ਤੇਜ਼ ਘਬਰਾਹਟ ਜਾਂ ਚੱਕਰ ਆਉਣ ਨਾਲ ਸਾਹ ਫੁੱਲੇ, ਤਾਂ ਇਹ ‘ਹਾਰਟ ਫੇਲਿਊਰ’ ਦਾ ਖਤਰਾ ਵੀ ਹੋ ਸਕਦਾ ਹੈ। ਇਸ ਲਈ ਈਸੀਜੀ, ਐਕਸ-ਰੇ ਅਤੇ ਈਕੋ ਕਾਰਡੀਓਗ੍ਰਾਫੀ ਦੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਸਮੇਂ ’ਤੇ ਇਲਾਜ ਮਿਲ ਜਾਣ ਨਾਲ ਜਾਨ ਬਚ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿਗਰਟ ਅਤੇ ਤੰਬਾਕੂ ਤੋਂ ਦੂਰ ਰਹੋ, ਛਾਤੀ ਜਾਂ ਦਿਲ ਦਾ ਪੁਰਾਣਾ ਮਰੀਜ਼ ਹੋਣ ’ਤੇ ਨਿਯਮਿਤ ਜਾਂਚ ਕਰਵਾਉ, ਸਾਹ ਚੜ੍ਹਣ ਨੂੰ ਨਜ਼ਰਅੰਦਾਜ਼ ਨਾ ਕਰੋ, ਬਜ਼ੁਰਗ ਅਤੇ ਦਮੇ ਵਾਲੇ ਮਰੀਜ਼ ਖਾਸ ਸਾਵਧਾਨੀ ਵਰਤਣ, ਜੇ ਲੱਛਣ ਵਧ ਜਾਣ, ਤੁਰੰਤ ਡਾਕਟਰ ਨਾਲ ਸੰਪਰਕ ਕਰੋ।