ਸਰਬੱਤ ਸਿੰਘ ਕੰਗ, ਬੇਗੋਵਾਲ : ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਟੇਟ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਕਿਸੇ ਵੀ ਦੁੱਧ ਉਤਪਾਦਕ ਤੇ ਹੋਰ ਕਿਸਾਨ ਵੀਰਾਂ ਨਾਲ ਧੱਕਾ ਸਹਿਣ ਨਹੀਂ ਕਰੇਗੀ । ਇਸ ਸਬੰਧੀ ਕਮੇਟੀ ਦੇ ਨਡਾਲਾ ਜ਼ੋਨ ਦੇ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ ਦੀ ਅਗਵਾਈ ਹੇਠ ਦੁੱਧ ਉਤਪਾਦਕ ਕਿਸਾਨਾਂ ਤੇ ਡੇਅਰੀ ਵਾਲਿਆਂ ਦੀ ਮੀਟਿੰਗ ਹੋਈ। ਜਿਸ 'ਚ ਹਮੀਰਾ ਦੁੱਧ ਫੈਕਟਰੀ ਦੀਆਂ ਮਨਮਰਜ਼ੀਆਂ ਦਾ ਨੋਟਿਸ ਲੈਂਦਿਆਂ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਦੁੱਧ ਉਤਪਾਦਕ ਕਿਸਾਨਾਂ ਤੇ ਡੇਅਰੀ ਵਾਲਿਆਂ ਨੂੰ ਖੱਜਲ ਖਰਾਬ ਕਰਨਾ ਬੰਦ ਕਰੇ । ਨਹੀਂ ਤਾਂ ਜਲਦੀ ਹੀ ਫੈਕਟਰੀ ਸਾਹਮਣੇ ਜ਼ੋਰਦਾਰ ਰੋਸ ਧਰਨਾ ਦਿੱਤਾ ਜਾਵੇਗਾ । ਜਿਸਦੀ ਸਾਰੀ ਜ਼ਿੰਮੇਵਾਰੀ ਫੈਕਟਰੀ ਪ੍ਰਬੰਧਕਾਂ ਦੀ ਹੋਵੇਗੀ । ਇਸ ਸਬੰਧੀ ਉਨ੍ਹਾਂ ਦੱਸਿਆ ਕਿ 15 ਅਗਸਤ 2020 ਨੂੰ ਐਸਡੀਐਮ ਕਪੂਰਥਲਾ ਦੇ ਦਫ਼ਤਰ 'ਚ ਫੈਕਟਰੀ ਮੈਨੇਜਮੈਂਟ ਨਾਲ ਇੱਕ ਸਮਝੌਤਾ ਹੋਇਆ ਸੀ ਕਿ ਦੁੱਧ ਦਾ ਕੋਈ ਨਾਗਾ ਨਹੀਂ ਕੀਤਾ ਜਾਵੇਗਾ ਤੇ ਦੁੱਧ ਦਾ ਬਕਾਇਆ ਤੁਰੰਤ ਦਿੱਤਾ ਜਾਵੇਗਾ । ਪੰ੍ਤੂ ਉਕਤ ਮੈਨੇਜਮੈਂਟ ਨੇ ਕਦੇ ਵੀ ਇਸ ਸਮਝੌਤੇ ਨੂੰ ਸੰਜੀਦਗੀ ਨਾਲ ਲਾਗੂ ਹੀ ਨਹੀਂ ਕੀਤਾ । ਹੁਣ ਉਕਤ ਸਮਝੌਤੇ ਤੋਂ ਮੁਨਕਰ ਹੁੰਦਿਆਂ 23 ਜੂਨ 2022 ਤੋਂ ਫਿਰ ਨਾਗੇ ਸ਼ੁਰੂ ਕਰ ਦਿੱਤੇ ਹਨ । ਦੁੱਧ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਕੀਤੀ ਜਾ ਰਹੀ । ਨਿਸ਼ਾਨ ਸਿੰਘ ਇਬਰਾਹੀਮਵਾਲ, ਵਾਈਸ ਪ੍ਰਧਾਨ ਨਿਰਮਲ ਸਿੰਘ ਨੇ ਆਖਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਫੈਕਟਰੀ ਮੈਨਜਮੈਂਟ ਦੀਆਂ ਮਨਮਾਨੀਆਂ ਨਹੀਂ ਚੱਲਣ ਦੇਵੇਗੀ । ਜਲਦੀ ਹੀ ਇਹ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾ ਰਿਹਾ । ਜੇਕਰ ਇਸ ਪਾਸੇ ਕੋਈ ਹਾਂ ਪੱਖੀ ਹੱਲ ਨਾ ਹੋਏ ਤਾਂ ਫੈਕਟਰੀ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਤੇ ਫੈਕਟਰੀ ਮੈਨੇਜਮੈਂਟ ਦੀ ਹੋਵੇਗੀ।

ਇਸ ਮੌਕੇ ਸਕੱਤਰ ਕਮੇਟੀ ਹਰਜੀਤ ਸਿੰਘ ਹੈਬਤਪੁਰ, ਅਵਤਾਰ ਸਿੰਘ ਬਾਮੂਵਾਲ, ਬਲਜੀਤ ਸਿੰਘ ਰਾਵਾਂ, ਸੰਦੀਪ ਕੁਮਾਰ, ਲਵਲੀ ਹਮੀਰਾ, ਬਲਜੀਤ ਸਿੰਘ ਹਮੀਰਾ, ਜਗਜੀਤ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ ਤਲਵਾੜਾ, ਬੱਗਾ ਸਿੰਘ ਵਿਜੋਲਾ, ਸਾਹਬੀ ਰਮੀਦੀ ਤੇ ਹੋਰ ਹਾਜ਼ਰ ਸਨ । ਇਸ ਮੌਕੇ ਕਿਸਾਨਾਂ ਨੇ ਫੈਕਟਰੀ ਮੈਨੇਜਮੈਂਟ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ।