ਸਰਬੱਤ ਸਿੰਘ ਕੰਗ, ਬੇਗੋਵਾਲ

ਪਿੰਡ ਟਾਹਲੀ ਵਿਚ 24 ਘੰਟੇ ਬਿਜਲੀ ਦੀ ਸਪਲਾਈ ਦੇਣ ਲਈ ਨਵਾਂ ਟਰਾਂਸਫਾਰਮਰ ਨਾ ਲਗਾਉਣ 'ਤੇ ਗੁੱਸੇ ਵਿੱਚ ਪਿੰਡ ਵਾਸੀਆਂ ਨੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬਿਜਲੀ ਘਰ ਬੇਗੋਵਾਲ ਦਾ ਿਘਰਾਓ ਕੀਤਾ ਅਤੇ ਵਿਭਾਗ ਦੀ ਘਟੀਆ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਗੁਰਸੇਵਕ ਸਿੰਘ ਟਾਹਲੀ ਤੇ ਹਰਮਨ ਸਿੰਘ ਟਾਹਲੀ ਨੇ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਲਾਏ ਟਰਾਂਸਫਾਰਮਰ ਤੇ ਲੋਡ ਜਿਆਦਾ ਹੋਣ ਕਰਕੇ ਰੋਜ ਫਿਊਜ਼ ਉੱਡ ਜਾਂਦੇ ਸਨ। ਇਸ 'ਤੇ ਪਿੰਡ ਦੀ 24 ਘੰਟੇ ਵਾਲੀ ਸਪਲਾਈ ਨੂੰ ਸੁਚਾਰੂ ਕਰਨ ਲਈ ਨਵਾਂ ਟਰਾਂਸਫਾਰਮਰ ਲਾਉਣ ਲਈ ਪੋਲ ਤਾਂ ਖੜ੍ਹੇ ਕਰ ਦਿੱਤੇ। ਪਰ ਦੋ ਮਹੀਨੇ ਬੀਤਣ 'ਤੇ ਕੋਈ ਟਰਾਂਸਫਾਰਮਰ ਨਹੀਂ ਲਗਾਇਆ, ਜਿਸ ਕਾਰਨ ਲੋਕਾਂ ਨੇ ਅੱਤ ਦੀ ਗਰਮੀ ਦੌਰਾਨ ਬੀਤੇ ਦੋ ਮਹੀਨੇ ਬੜੀ ਮੁਸ਼ਕਲ ਨਾਲ ਬਿਤਾਏ। ਬੱਚਿਆਂ, ਬਜ਼ੁਰਗਾਂ ਤੇ ਬਿਮਾਰਾਂ ਲਈ ਸਮਾਂ ਕਾਫੀ ਅੌਖਾ ਬੀਤਿਆਂ। ਇਸ ਦੌਰਾਨ ਕਈ ਵਾਰ ਐੱਸਡੀਓ ਬੇਗੋਵਾਲ ਤੇ ਐਕਸੀਅਨ ਕਰਤਾਰਪੁਰ ਦੇ ਹਾੜੇ ਕੱਢੇ ਪਰ ਕਿਸੇ ਨੇ ਇਕ ਨਹੀਂ ਸੁਣੀ। ਇਸ ਮੌਕੇ ਅੱਜ ਕਿਸਾਨ ਆਗੂਆਂ ਜੋਨ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਇਬਰਾਹੀਮਵਾਲ, ਹਰਜੀਤ ਸਿੰਘ ਹੈਬਤਪੁਰ, ਜਗਮੋਹਨ ਸਿੰਘ ਨਡਾਲਾ ਦੀ ਅਗਵਾਈ ਹੇਠ ਮਹਿਕਮੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਵਿਭਾਗ ਨੇ ਜੇਕਰ ਆਪਣੇ ਕੰਮਕਾਰ ਨੂੰ ਨਾ ਸੁਧਾਰਿਆ ਤਾਂ ਪੱਕਾ ਰੋਸ ਧਰਨਾ ਲਾ ਦਿੱਤਾ ਜਾਵੇਗਾ। ਇਸ ਦੌਰਾਨ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਨਵਾਂ ਟਰਾਂਸਫਾਰਮਰ ਲਾ ਦਿੱਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੌਰ, ਸਤਪਾਲ ਸਿੰਘ, ਦਵਿੰਦਰ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ, ਪ੍ਰਧਾਨ ਸਰਵਢ ਸਿੰਘ ਬਾਊਪੁਰ, ਪਰਮਜੀਤ ਸਿੰਘ ਬੇਗੋਵਾਲ, ਸ਼ੇਰ ਸਿੰਘ ਨਿਹੰਗ, ਯਾਦਵਿੰਦਰ ਸਿੰਘ ਬੇਗੋਵਾਲ ਤੇ ਹੋਰ ਪਿੰਡ ਵਾਸੀ ਤੇ ਕਿਸਾਨ ਹਾਜ਼ਰ ਸਨ।