ਰਘਬਿੰਦਰ ਸਿੰਘ, ਨਡਾਲਾ : ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਤਹਿਤ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਟੀਮਾਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਡਾ. ਗੁਰਦਿਆਲ ਸਿੰਘ ਸੀਨੀਅਰ ਮੈਡੀਕਲ ਅਫਸਰ ਿਢੱਲਵਾਂ ਨੇ ਦੱਸਿਆ ਕਿ ਤੰਬਾਕੂ ਜੋ ਕਿ ਸਿੱਧੇ ਰੂਪ 'ਚ ਕੈਂਸਰ ਦਾ ਕਾਰਨ ਬਣਦਾ ਹੈ, ਦੀ ਰੋਕਥਾਮ ਜ਼ਰੂਰੀ ਹੈ, ਜਿਸ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਿਹਤ ਵਿਭਾਗ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਸਿਹਤ ਕਰਮੀਆਂ ਵੱਲੋਂ ਸਕੂਲਾਂ ਵਿਚ ਬੱਚਿਆਂ ਨੂੰ ਅਤੇ ਪਿੰਡਾਂ 'ਚ ਆਮ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਨਤਕ ਤੌਰ 'ਤੇ ਤੰਬਾਕੂ ਬੀੜੀ ਦੀ ਵਰਤੋਂ ਕਰਨ 'ਤੇ ਚਲਾਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਕ ਸਥਾਨ ਤੇ ਤੰਬਾਕੂਨੋਸ਼ੀ ਕਰਨਾ, ਤੰਬਾਕੂ ਉਤਪਾਦ ਦੀ ਮਸ਼ਹੂਰੀ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣਾ, ਵਿਦਿਅਕ ਸੰਸਥਾਵਾਂ ਦੇ ਨਜ਼ਦੀਕ ਤੰਬਾਕੂ ਉਤਪਾਦ ਵੇਚਣਾ ਸਜ਼ਾਯੋਗ ਅਪਰਾਧ ਹੈ, ਜਿਸ ਤਹਿਤ ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ। ਤੰਬਾਕੂ ਚਾਹੇ ਉਹ ਸਿਗਰਟ, ਬੀੜੀ, ਸਿਗਾਰ, ਹੁੱਕਾ, ਚਬਾਉਣ ਵਾਲਾ ਤੰਬਾਕੂ, ਪਾਨ ਮਸਾਲਾ ਆਦਿ ਜਾਂ ਹੋਰ ਕਿਸੇ ਵੀ ਰੂਪ ਵਿਚ ਹੋਵੇ, ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਦੀ ਵਰਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ। ਸਿਗਰਟ, ਬੀੜੀ ਉਸ ਦਾ ਸੇਵਨ ਕਰਨ ਵਾਲੇ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ, ਨਾਲ ਹੀ ਬੀੜੀ ਸਿਗਰਟ ਪੀਣ ਵਾਲੇ ਵਿਅਕਤੀ ਦੇ ਆਸ-ਪਾਸ ਮੌਜੂਦ ਲੋਕਾਂ ਨੂੰ ਵੀ ਭਾਰੀ ਰੂਪ 'ਚ ਨੁਕਸਾਨ ਪਹੁੰਚਾਉਂਦੀ ਹੈ। ਕੋਈ ਵੀ ਉਤਪਾਦ ਜਿਸ ਵਿਚ ਤੰਬਾਕੂ ਦੀ ਮਾਤਰਾ ਹੈ, ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਮੌਕੇ ਬਿਕਰਮਜੀਤ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ, ਜਸਵਿੰਦਰ ਸਿੰਘ, ਪਰਗਟ ਸਿੰਘ, ਦਿਲਬਾਗ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ।