ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਵੱਖ-ਵੱਖ ਮਾਮਲਿਆਂ 'ਚ 10 ਕਿੱਲੋ ਡੋਡੇ, 13 ਗ੍ਰਾਮ ਹੈਰੋਇਨ ਤੇ 274 ਪਾਬੰਦੀਸ਼ੁਦਾ ਗੋਲੀਆਂ ਸਮੇਤ ਪੰਜ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਥਾਣਾ ਸਦਰ ਦੀ ਪੁਲਿਸ ਵੱਲੋਂ 10 ਕਿੱਲੋ ਡੋਡੇ ਬਰਾਮਦ ਕਰਦੇ ਹੋਏ ਅੌਰਤ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਐੱਸਐੱਚਓ ਸਦਰ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਏਐੱਸਆਈ ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਧੰਦਲ ਪੁਲੀ ਤੋਂ ਇੱਬਣ ਰੋਡ 'ਤੇ ਅੱਗੇ ਨੂੰ ਜਾ ਰਹੇ ਸੀ ਤਾਂ ਇਕ ਆਟੋ ਰਿਕਸ਼ਾ ਨੰਬਰ ਪੀ.ਬੀ 08 ਵੀ.ਵਾਈ 4741 ਦਿਖਾਈ ਦਿੱਤਾ, ਜਿਸ 'ਤੇ ਇਕ ਵਿਅਕਤੀ ਤੇ ਇਕ ਅੌਰਤ ਬੋਰਾ ਆਟੋ ਵਿੱਚ ਰੱਖ ਰਹੇ ਸਨ। ਪੁਲਿਸ ਪਾਰਟੀ ਨੂੰ ਦੇਖ ਕੇ ਆਟੋ ਚਾਲਕ ਸਮੇਤ ਤਿੰਨ ਜਾਣੇ ਭੱਜਣ ਲੱਗੇ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਨੱਥੂ ਚਾਹਲ ਥਾਣਾ ਸਦਰ ਕਪੂਰਥਲਾ, ਤੀਰਥ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਡੋਗਰਾਂਵਾਲ ਥਾਣਾ ਸੁਭਾਨਪੁਰ, ਮਨਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਨੱਥੂ ਚਾਹਲ ਥਾਣਾ ਸਦਰ ਕਪੂਰਥਲਾ ਦੱਸਿਆ। ਜਦੋਂ ਪੁਲਿਸ ਪਾਰਟੀ ਵੱਲੋਂ ਬੋਰੇ ਨੂੰ ਚੈੱਕ ਕੀਤਾ ਗਿਆ ਤਾਂ 10 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ। ਐੱਸ.ਐੱਸ.ਓ ਸੋਨਮਦੀਪ ਕੋਰ ਨੇ ਦਸਿਆ ਕਿ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

--------------

13 ਗ੍ਰਾਮ ਹੈਰੋਇਨ ਤੇ 274 ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਥਾਣਾ ਕੋਤਵਾਲੀ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ 13 ਗ੍ਰਾਮ ਹੈਰੋਇਨ, 274 ਪਾਬੰਦੀਸ਼ੁਦਾ ਗੋਲੀਆਂ ਤੇ ਕੰਪਿਊਟਰ ਕੰਡੇ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐੱਸਐੱਚਓ ਕੋਤਵਾਲੀ ਬਲਵੀਰ ਸਿੰਘ ਨੇ ਦੱਸਿਆ ਕਿ ਏਐੱਸਆਈ ਪਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨਵਾਂ ਪਿੰਡ ਭੱਠੇ ਡੋਗਰਾਂਵਾਲ ਨੂੰ ਜਾ ਰਹੇ ਸਨ ਤਾਂ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਕਰਨ ਪੁੱਤਰ ਬਲਬੀਰ ਸਿੰਘ ਵਾਸੀ ਨਵਾਂ ਪਿੰਡ ਭੱਠੇ ਗਾਹਕਾਂ ਨੂੰ ਹੈਰੋਇਨ ਦੇਣ ਲਈ ਖੜ੍ਹਾ ਹੈ, ਜਿਸ 'ਤੇ ਪੁਲਿਸ ਵੱਲੋਂ ਰਾਵਾਂ ਦੇ ਡੇਰਿਆਂ ਦੇ ਨਜ਼ਦੀਕ ਇਕ ਨੌਜਵਾਨ ਨੂੰ ਖੜੇ੍ਹ ਦੇਖਿਆ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਲਿਫਾਫਾ ਸੁੱਟ ਕੇ ਭੱਜਣ ਲੱਗਾ, ਉਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਕੇ ਨਾਂ ਪਤਾ ਪੁੱਿਛਆ ਤਾਂ ਮੁਲਜ਼ਮ ਦੀ ਪਛਾਣ ਕਰਨ ਪੁੱਤਰ ਬਲਬੀਰ ਸਿੰਘ ਵਾਸੀ ਨਵਾਂ ਪਿੰਡ ਭੱਠੇ ਵਜੋਂ ਹੋਈ। ਜਦੋਂ ਉਸ ਵੱਲੋਂ ਸੁੱਟੇ ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ।

ਐੱਸਐੱਚਓ ਬਲਵੀਰ ਸਿੰਘ ਨੇ ਦੱਸਿਆ ਕਿ ਦੂਜੇ ਮਾਮਲੇ 'ਚ ਪੁਲਿਸ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਕਾਦੂਪੁਰ ਦਾ ਮਨਪ੍ਰਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ, ਜਿਸ 'ਤੇ ਪੁਲਿਸ ਪਾਰਟੀ ਵੱਲੋਂ ਮਨਪ੍ਰਰੀਤ ਸਿੰਘ ਨੂੰ ਕਾਬੂ ਕਰਦੇ ਹੋਏ ਉਸ ਪਾਸੋਂ 3 ਗ੍ਰਾਮ ਹੈਰੋਇਨ, 1 ਕੰਪਿਊਟਰ ਕੰਡਾ, 274 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਦੋਵਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।