ਰਾਜੇਸ਼ ਤਲਵਾੜ, ਕਪੂਰਥਲਾ

ਹੈਰੀਟੇਜ ਸਿਟੀ ਕਪੂਰਥਲਾ ਦੇ ਭੀੜਭਾੜ ਵਾਲੇ ਇਲਾਕਿਆਂ ਅਮਿ੍ਤ ਬਾਜ਼ਾਰ ਅਤੇ ਸਰਾਫਾ ਬਾਜ਼ਾਰ ਜਸਪਾਲਾ ਵਾਲੀ ਗਲੀ ਵਿਚ ਸਥਿਤ ਖ਼ਸਤਾ ਹਾਲਤ ਇਮਾਰਤਾਂ ਨੂੰ ਢਾਹੁਣ ਦੀ ਮੰਗ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਪਰ ਕੋਈ ਸੁਣਵਾਈ ਨਾ ਹੋਣ ਕਾਰਨ ਸੋਮਵਾਰ ਨੂੰ ਯੂਥ ਅਕਾਲੀ ਦਲ ਦੇ ਅਨੇਕਾਂ ਵਰਕਰਾਂ ਤੇ ਦੋਵਾਂ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਮਿਲ ਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਦੀ ਅਗਵਾਈ ਵਿਚ ਅਮਿ੍ਤ ਬਾਜ਼ਾਰ ਵਿਚ ਜ਼ਿਲ੍ਹਾ ਪ੍ਰਸਾਸ਼ਨ, ਹਲਕਾ ਕਾਂਗਰਸੀ ਵਿਧਾਇਕ ਤੇ ਨਗਰ ਨਿਗਮ ਦੇ ਮੇਅਰ ਖ਼ਿਲਾਫ਼ ਰੋਡ ਜਾਮ ਕਰ ਕੇ ਧਰਨਾ ਲਾਇਆ। ਕਰੀਬ ਦੋ ਘੰਟੇ ਤਕ ਚੱਲੇ ਇਸ ਧਰਨੇ ਵਿਚ ਦੁਕਾਨਦਾਰਾਂ ਤੇ ਯੂਥ ਅਕਾਲੀ ਦਲ ਦੇ ਨੇਤਾਵਾਂ ਨੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਯਸ਼ ਮਹਾਜਨ ਵੀ ਮੌਜੂਦ ਸਨ। ਇਸ ਦੌਰਾਨ ਧਰਨਾ ਖ਼ਤਮ ਕਰਵਾਉਣ ਪੁੱਜੇ ਐੱਸਐੱਚਓ ਗੌਰਵ ਧੀਰ ਦੇ ਭਰੋਸਾ ਦੇਣ ਤੋਂ ਬਾਅਦ ਧਰਨਾ ਖ਼ਤਮ ਕਰਦੇ ਐੱਸਐੱਚਓ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਨਗਰ ਨਿਗਮ ਦੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਦੌਰਾਨ ਅਵੀ ਰਾਜਪੂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਅਮਿ੍ਤ ਬਾਜ਼ਾਰ ਅਤੇ ਸਰਾਫਾ ਬਾਜ਼ਾਰ ਜਸਪਾਲਾ ਵਾਲੀ ਗਲੀ ਵਿਚ ਸਥਿਤ ਖ਼ਸਤਾ ਹਾਲਤ ਇਮਾਰਤਾਂ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਇਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਕਿਸੇ ਵੀ ਸਮੇਂ ਡਿੱਗ ਸਕਦੀਆਂ ਹਨ। ਦੀਵਾਰਾਂ ਦੀਆਂ ਇੱਟਾ ਨਿਕਲ ਰਹੀਆਂ ਹਨ, ਗਾਰਡਰ ਅਤੇ ਸਰੀਏ ਕਮਜ਼ੋਰ ਹੋ ਕੇ ਝੁਕ ਗਏ ਹਨ, ਕੰਧਾਂ 'ਤੇ ਦਰਾਰਾਂ ਸਾਫ਼ ਵਿਖਾਈ ਦੇ ਰਹੀਆਂ ਹਨ, ਪਰ ਸ਼ਹਿਰ ਵਿਚ ਵਿਕਾਸ ਕਰਵਾਉਣ ਦੀਆਂ ਡੀਂਗਾਂ ਮਾਰਨ ਵਾਲੇ ਸਾਡੇ ਵਿਧਾਇਕ ਆਪਣੀਆਂ ਏਸੀ ਗੱਡੀਆਂ ਤੇ ਏਅਰਕੰਡੀਸ਼ਨ ਕਮਰਿਆਂ ਵਿਚ ਬੈਠੇ ਹਨ ਤੇ ਸ਼ਹਿਰਵਾਸੀ ਹਰ ਸਮੇਂ ਮੌਤ ਦੇ ਸਾਏ ਵਿਚ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸੁਵਿਧਾਵਾਂ ਉਪਲੱਬਧ ਕਰਵਾਉਣ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਖ਼ਸਤਾਹਾਲ ਇਮਾਰਤਾਂ ਤੋਂ ਸੁਰੱਖਿਆ ਪ੍ਰਦਾਨ ਕਰਵਾਉਣ ਦਾ ਜ਼ਿੰਮਾ ਨਿਗਮ ਦਾ ਹੁੰਦਾ ਹੈ, ਪਰ ਇਨ੍ਹਾਂ ਖ਼ਸਤਾਹਾਲ ਇਮਾਰਤਾਂ ਨੂੰ ਦੇਖਣ ਤੋਂ ਬਾਅਦ ਪਤਾ ਚਲਦਾ ਹੈ ਕਿ ਨਗਰ ਨਿਗਮ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਗੰਭੀਰ ਨਹੀਂ ਹੈ ਅਤੇ ਉਸ ਨੂੰ ਸ਼ਹਿਰ ਵਾਸੀਆਂ ਦੀ ਜਾਨ ਦੀ ਕੋਈ ਪਰਵਾਹ ਨਹੀਂ ਹੈ। ਅਵੀ ਰਾਜਪੂਤ ਨੇ ਕਿਹਾ ਕਿ ਬਾਰਿਸ਼ ਦੌਰਾਨ ਇਹ ਪੁਰਾਣੀ ਤੇ ਖ਼ਸਤਾਹਾਲ ਹੋ ਚੁੱਕੀ ਇਮਾਰਤਾਂ ਕਦੇ ਵੀ ਢਹਿ ਸਕਦੀਆਂ ਹਨ। ਮੌਨਸੂਨ ਦੌਰਾਨ ਇਨ੍ਹਾਂ ਖ਼ਸਤਾਹਾਲ ਇਮਾਰਤਾਂ ਦੇ ਢਹਿਣ ਦੇ ਖ਼ਤਰੇ ਨਾਲ ਆਮਜਨ ਚਿੰਤਤ ਹੈ। ਸਾਲਾਂ ਤੋਂ ਬੰਦ ਤੇ ਬਿਨਾਂ ਵਰਤੋਂ ਆ ਰਹੀ ਖ਼ਸਤਾਹਾਲ ਇਮਾਰਤਾਂ ਦੇ ਆਲੇ ਦੁਆਲੇ ਰਹਿਣ ਵਾਲੇ ਜਾਗਰੂਕ ਦੁਕਾਨਦਾਰ ਅਜਿਹੀਆਂ ਇਮਾਰਤਾਂ ਦੀ ਸੂਚਨਾ ਨਗਰ ਨਿਗਮ ਨੂੰ ਵੀ ਦੇ ਰਹੇ ਹਨ। ਇਸ ਦੌਰਾਨ ਅਵੀ ਰਾਜਪੂਤ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਛੇਤੀ ਇਨ੍ਹਾਂ ਖ਼ਸਤਾਹਾਲ ਇਮਾਰਤਾਂ ਨੂੰ ਗਿਰਾਇਆ ਨਹੀਂ ਗਿਆ ਤਾਂ ਯੂਥ ਅਕਾਲੀ ਦਲ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਨਗਰ ਨਿਗਮ ਦੇ ਦਫ਼ਤਰ ਦਾ ਿਘਰਾਓ ਕਰਦੇ ਹੋਏ ਨਗਰ ਨਿਗਮ ਅਧਿਕਾਰੀਆਂ ਦੇ ਪੁਤਲੇ ਵੀ ਫੂਕੇਗਾ।