ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਹਰ ਇਕ ਪੱਧਰ 'ਤੇ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਕਪੂਰਥਲਾ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਡਾ.ਜਸਮੀਤ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਮਾਰਡਨ ਜੇਲ੍ਹ ਕਪੂਰਥਲਾ ਵਿਖੇ ਲਗਾਏ ਗਏ ਮੁਫਤ ਮੈਡੀਕਲ ਚੈਕਅੱਪ ਕੈਂਪ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਸੈਂਟਰਲ ਜੇਲ੍ਹ ਕਪੂਰਥਲਾ ਵਿਖੇ ਅੌਰਤਾਂ ਦੀ ਬੈਰਕ 'ਚ ਮੁਫਤ ਮੈਡੀਕਲ ਕੈਂਪ ਲਗਾ ਕੇ 200 ਦੇ ਕਰੀਬ ਅੌਰਤਾਂ ਤੇ ਬੱਚਿਆਂ ਦਾ ਮੈਡੀਕਲ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕੈਂਪ ਦੌਰਾਨ ਮੈਡੀਕਲ ਸਪੈਸ਼ਲਿਸਟ ਡਾਕਟਰ ਹਰੇਕ ਬਿਮਾਰੀਆਂ ਦੇ ਮਾਹਿਰ, ਕੰਮਿਊਨਿਟੀ ਹੈਲਥ ਅਫਸਰ, ਏਐੱਨਐੱਮ ਤੇ ਮੋਬਾਈਲ ਮੈਡੀਕਲ ਯੂਨਿਟ ਦੀ ਟੀਮ ਵਲੋਂ ਚੈਕਅੱਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਈਸੀਜੀ, ਬੀਪੀ, ਸ਼ੂਗਰ, ਐਕਸ-ਰੇ ਤੇ ਬਲੱਡ ਚੈਕਅੱਪ ਦੇ ਨਾਲ-ਨਾਲ ਹੋਰ ਬਿਮਾਰੀਆਂ ਦੀ ਜਾਂਚ ਕਰਕੇ ਮੌਕੇ 'ਤੇ ਹੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜੇਲ੍ਹ ਵਿਚ ਕੈਦੀਆਂ ਦੇ ਮੁਫਤ ਮੈਡੀਕਲ ਚੈਕਅੱਪ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਜਾਗੂਰਕ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਿਹਤ ਸਕੀਮਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸਿਹਤ ਸਕੀਮਾਂ ਨਾਲ ਸਬੰਧਤ ਪੰਫਲੇਟ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਘੁੰਮਣ, ਸਹਾਇਕ ਸਿਵਲ ਸਰਜਨ ਡਾ. ਰਮੇਸ. ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਡਾ. ਰਾਜ ਕੁਮਾਰੀ, ਡਾ. ਅਭਿਸ਼ੇਕ ਗਿੱਲ, ਡਾ. ਰਾਜੀਵ ਭਗਤ, ਬਿਕਰਮਜੀਤ ਸਿੰਘ ਬਲਾਕ ਐਜੂਕੇਟਰ ਆਦਿ ਸ਼ਾਮਲ ਸਨ।