ਜੇਐਨਐਨ, ਕਪੂਰਥਲਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਦੁਪਹਿਰ ਲਗਪਗ ਤਿੰਨ ਵਜੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚੀ। ਵੀਆਈਪੀ ਲਾਮ ਲਸ਼ਕਰ ਅਤੇ ਸੁਰੱਖਿਆ ਗਾਰਦ ਨੂੰ ਛੱਡ ਕੇ ਅੱਧੇ ਘੰਟੇ ਤਕ ਸ਼ਰਧਾਲੂਆਂ ਦੇ ਨਾਲ ਲਾਈਨ ਵਿਚ ਲੱਗ ਕੇ ਉਨ੍ਹਾਂ ਨੇ ਦਰਸ਼ਨ ਕੀਤੇ। ਹਾਲਾਂਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਹਰਸਿਮਰਤ ਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਵਾਉਣ ਦੀ ਬੇਨਤੀ ਕੀਤੀ, ਜਿਸ ਨੂੰ ਉਨ੍ਹਾਂ ਨੇ ਮਨ੍ਹਾ ਕਰ ਦਿਤਾ।

ਕੇਂਦਰੀ ਮੰਤਰੀ ਨੇ ਇਸ ਦੌਰਾਨ ਗੁਰੁੂ ਨਾਨਕ ਦੇਵ ਜੀ ਦੇ ਤਪ ਸਥਾਨ ਭੌਰਾ ਸਾਹਿਬ ਅਤੇ ਬਾਬਾ ਨਾਨਕ ਵੱਲੋਂ ਲਗਾਈ ਗਈ ਬੇਰੀ ਅੱਗੇ ਵੀ ਮੱਥਾ ਟੇਕਿਆ ਅਤੇ ਪ੍ਰਸਾਦ ਚੜਾਇਆ। ਹਰਸਿਮਰਤ ਨੇ ਦਰਸ਼ਨ ਕਰਨ ਤੋਂ ਬਾਅਦ ਐਸਜੀਪੀਸੀ ਦੇ ਨਵੇਂ ਦਫ਼ਤਰ ਵਿਚ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਰ ਰੋਜ਼ ਹਜ਼ਾਰਾਂ ਵਿਚ ਸ਼ਰਧਾਲੂ ਰੋਜ਼ਾਨਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ।

ਸ਼ਰਧਾ ਨੂੰ ਵਪਾਰਕ ਨਜ਼ਰ ਨਾਲ ਨਾ ਦੇਖੇ ਇਮਰਾਨ : ਹਰਸਿਮਰਤ

ਹਰਸਿਮਰਤ ਬਾਦਲ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਸੰਗਤ ਤੋਂ 20 ਡਾਲਰ ਲੈ ਕੇ ਸ਼ਰਧਾ ਦੀ ਕੀਮਤ ਵਸੂਲਣਾ ਚਾਹੁੰਦੇ ਹਨ। ਪਾਕਿਸਤਾਨ ਨੂੰ ਸਿੱਖਾਂ ਦੀ ਭਾਵਨਾਵਾਂ ਅਤੇ ਸ਼ਰਧਾ ਨੂੰ ਵਪਾਰਕ ਨਜ਼ਰੀਏ ਤੋਂ ਨਹੀਂ ਦੇਖਣਾ ਚਾਹੀਦਾ। ਸੰਗਤ ਲਈ ਖੁੱਲ੍ਹੇ ਦਿਲ ਨਾਲ ਦਰਵਾਜ਼ੇ ਖੋਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ।

ਭਾਰਤ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਤੋਂ ਕੋਈ ਟੈਕਸ ਨਹੀਂ ਲੈਂਦਾ। ਪਾਕਿਸਤਾਨ ਨੂੰ ਵੀ ਆਪਣੀ ਸੌੜੀ ਸੋਚ ਨੂੰ ਦੂਰ ਕਰਕੇ ਸੰਗਤ ਲਈ ਸੁਵਿਧਾਵਾਂ ਮੁਹਈਆ ਕਰਵਾਉਣੀ ਚਾਹੀਦੀ ਹੈ। ਜੇ ਜ਼ਿਆਦਾ ਸੰਗਤ ਪਾਕਿਸਤਾਨ ਜਾਵੇਗੀ ਤਾਂ ਵੀ ਤਾਂ ਪਾਕਿਸਤਾਨ ਨੂੰ ਫਾਇਦਾ ਹੀ ਹੋਵੇਗਾ। ਸੰਗਤ 'ਤੇ ਟੈਕਸ ਲਗਾਉਣਾ ਸਰਾਸਰ ਗਲਤ ਹੈ।