ਕਰਾਈਮ ਰਿਪੋਰਟਰ, ਕਪੂਰਥਲਾ : ਥਾਣਾ ਸਿਟੀ ਕਪੂਰਥਲਾ ਅਧੀਨ ਪੈਂਦੇ ਮੁਹੱਲਾ ਲਾਹੌਰੀ ਗੇਟ ਵਿਖੇ ਕਰੀਬ 8-9 ਮਹੀਨੇ ਪਹਿਲਾਂ 2 ਧਿਰਾਂ 'ਚ ਲੜਾਈ ਹੋਈ ਸੀ, ਜਿਸ ਨੂੰ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਪਰ ਉਸ ਤੋਂ ਅੱਗੇ ਦੀ ਜਾਂਚ ਠੰਢੇ ਬਸਤੇ 'ਚ ਪਾ ਦਿੱਤੀ। ਜਾਣਕਾਰੀ ਅਨੁਸਾਰ ਲਾਹੌਰੀ ਗੇਟ ਵਿਖੇ ਲੋਹੜੀ ਵਾਲੇ ਦਿਨ 2 ਗੁਆਂਢੀ ਆਪਸ 'ਚ ਲੜ ਪਏ, ਜਿਸ ਨਾਲ ਗੁਰਦੇਵ ਸਿੰਘ ਭੱਟੀ ਦੇ ਸਿਰ 'ਤੇ ਦੂਜੀ ਧਿਰ ਵੱਲੋਂ ਕਿਰਪਾਨਾਂ ਮਾਰੀਆ ਗਈਆਂ, ਪਰ ਪੰਜਾਬ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਅਗਲੀ ਕਾਰਵਾਈ ਨਹੀਂ ਕੀਤੀ। ਮਾਮਲਾ ਵੀ ਉਸ ਨੇ ਲੜਾਈ ਝਗੜੇ ਦਾ ਦਰਜ ਕੀਤਾ, ਜਦਕਿ ਗੁਰਦੇਵ ਸਿੰਘ ਭੱਟੀ ਦੇ ਗੰਭੀਰ ਸੱਟਾਂ ਲੱਗੀਆਂ ਸਨ। ਗੁਰਦੇਵ ਸਿੰਘ ਅਨੁਸਾਰ ਉਨ੍ਹਾਂ 'ਤੇ ਇਹ ਹਮਲਾ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਘਰ ਅੰਦਰ ਵੜ ਕੇ ਕੀਤਾ ਗਿਆ ਪਰ ਫਿਰ ਵੀ ਪੁਲਿਸ ਨੇ ਪਤਾ ਨਹੀਂ ਕਿਸ ਦੇ ਦਬਾਅ 'ਚ ਆ ਕੇ ਮਾਮਲਾ ਤੇਈ ਚੌਵੀ ਦਾ ਬਣਾ ਦਿੱਤਾ, ਜਦਕਿ ਉਸ ਦੇ ਸਿਰ 'ਤੇ ਕਰੀਬ ਅਠਾਈ ਟਾਂਕੇ ਲੱਗੇ ਸਨ। 9 ਮਹੀਨੇ ਬੀਤਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਕਾਨੂੰਨ ਮੁਤਾਬਕ ਦੋਵਾਂ ਧਿਰਾਂ ਦੇ ਬਿਆਨ ਤਿੰਨ ਮਹੀਨੇ ਦੇ ਅੰਦਰ-ਅੰਦਰ ਲੈਣੇ ਹੁੰਦੇ ਹਨ ਪਰ 8-9 ਮਹੀਨੇ ਬੀਤਣ ਦੇ ਬਾਵਜੂਦ ਹਾਲੇ ਤਕ ਕੋਈ ਵੀ ਪੁਲਿਸ ਅਧਿਕਾਰੀ ਨੇ ਦੂਜੀ ਧਿਰ ਦਾ ਕੋਈ ਵੀ ਬਿਆਨ ਨਹੀਂ ਲਿਆ। ਗੁਰਦੇਵ ਸਿੰਘ ਭੱਟੀ ਨੇ ਕਪੂਰਥਲਾ ਦੇ ਐੱਸਐੱਸਪੀ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਇਸ ਬਾਰੇ ਜਦੋਂ ਆਈਓ ਮਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਦੇਵ ਸਿੰਘ ਭੱਟੀ ਵੱਲੋਂ ਦਿੱਤੇ ਬਿਆਨਾਂ 'ਤੇ ਜੋ ਕਾਨੂੰਨੀ ਕਾਰਵਾਈ ਬਣਦੀ ਸੀ, ਉਸ ਤਹਿਤ ਉਨ੍ਹਾਂ ਮਾਮਲਾ ਦਰਜ ਕਰ ਦਿੱਤਾ ਹੈ।