ਚੋਣ ਡਿਊਟੀਆਂ ’ਤੇ ਇਕਜੁੱਟ ਹੋਈਆਂ ਅਧਿਆਪਕ ਜਥੇਬੰਦੀਆਂ
ਜੀਟੀਯੂ ਵੱਲੋਂ ਚੋਣ ਡਿਊਟੀਆਂ ਦੂਰ ਦੁਰਾਡੇ ਲਗਾਉਣ ਦਾ ਸਖਤ ਵਿਰੋਧ
Publish Date: Tue, 09 Dec 2025 09:25 PM (IST)
Updated Date: Tue, 09 Dec 2025 09:27 PM (IST)
ਜੀਟੀਯੂ ਵੱਲੋਂ ਚੋਣ ਡਿਊਟੀਆਂ ਦੂਰ-ਦੁਰਾਡੇ ਲਗਾਉਣ ਦਾ ਸਖਤ ਵਿਰੋਧ
ਫਗਵਾੜਾ : ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਵੱਲੋਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਲਗਾਉਣ ਦਾ ਸਖਤ ਵਿਰੋਧ ਕੀਤਾ ਗਿਆ ਹੈ। ਗੌਰਮਿੰਟ ਟੀਚਰਜ਼ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ , ਖਜ਼ਾਨਚੀ ਮਨੋਹਰ ਲਾਲ ਸ਼ਰਮਾ, ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਨੇ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਸੀ ਕਿ ਚੋਣਾਂ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਉਨ੍ਹਾਂ ਦੇ ਪਿਤਰੀ ਬਲਾਕ ਵਿਚ ਲਗਾਈਆਂ ਜਾਣਗੀਆਂ ਅਤੇ ਪੰਚਾਇਤੀ ਚੋਣਾਂ ਅਤੇ ਪਾਰਲੀਮੈਂਟ ਚੋਣਾਂ ਵਿਚ ਅਜਿਹਾ ਵਾਪਰਿਆ ਵੀ, ਪਰ ਹੁਣ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਚੋਣ ਡਿਊਟੀਆਂ ਦੂਰ ਦੁਰਾਡੇ ਲਗਾ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਅਤਿ ਨਿੰਦਣਯੋਗ ਹੈ। ਅਧਿਆਪਕ ਆਗੂਆਂ ਕਿਹਾ ਕਿ ਸਰਦੀ ਦਾ ਮੌਸਮ ਹੈ ਅਤੇ ਮਹਿਲਾ ਅਧਿਆਪਕਾਂ ਨੂੰ ਦੂਰ-ਦੁਰਾਡੇ ਲਗਾਈਆਂ ਡਿਊਟੀਆਂ ਕਰਨ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਬੀਐੱਲਓਜ਼ ਦੀ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਦੀ ਮੰਗ ਕੀਤੀ। ਅਧਿਆਪਕ ਆਗੂਆਂ ਨੇ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਪਹਿਲਕਦਮੀ ਕਰਕੇ ਚੋਣ ਡਿਊਟੀਆਂ ਅਧਿਆਪਕਾਂ ਦੇ ਪਿਤਰੀ ਬਲਾਕ ਵਿਚ ਲਗਾਉਣ ਦੀ ਅਪੀਲ ਕੀਤੀ ਹੈ।