ਪੱਤਰ ਪ੍ਰਰੇਰਕ, ਕਪੂਰਥਲਾ : ਸਥਾਨਕ ਸ਼ਾਲੀਮਾਰ ਬਾਗ ਵਿਖੇ ਡੀਟੀਐੱਫ਼ ਬਲਾਕ ਤਿੰਨ ਦੇ ਅਧਿਆਪਕਾਂ ਦੀ ਮੀਟਿੰਗ ਬਲਾਕ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ 'ਚ ਹੋਈ। ਜਿਸ ਵਿਚ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਅਧੂਰੀਆਂ ਮੰਗਾਂ ਬਾਰੇ 'ਤੇ ਸੰਘਰਸ਼ ਦੀ ਰੂਪ-ਰੇਖਾ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਘੱਟ ਦਾਖਲੇ ਵਾਲੇ ਸਕੂਲਾਂ ਦੀ ਸੂਚੀ ਮੰਗੀ ਗਈ ਹੈ ਤੇ ਇਸਦਾ ਠੀਕਰਾ ਅਧਿਆਪਕਾਂ ਸਿਰ ਭੰਨਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ। ਸਾਰੇ ਅਧਿਆਪਕ ਬੜੀ ਮਿਹਨਤ ਨਾਲ ਸਕੂਲਾਂ ਵਿਚ ਪੜ੍ਹਾ ਰਹੇ ਹਨ। ਜ਼ਿਲ੍ਹਾ ਮੀਤ ਪ੍ਰਧਾਨ ਤਜਿੰਦਰ ਸਿੰਘ ਨੇ ਕਿਹਾ ਕਿ ਇਮਤਿਹਾਨਾਂ ਦੇ ਦਿਨਾਂ ਵਿਚ ਵਿਭਾਗ ਵਲੋਂ ਗੈਰ ਵਿੱਦਿਅਕ ਕੰਮ ਜਿਵੇਂ ਯੂਡਾਈਸ, ਪੀਪੀਟੀ, ਵੋਟਾਂ ਦੀ ਸੁਧਾਈ, ਆਨਲਾਈਨ ਰਜਿਸਟ੍ਰੇਸ਼ਨ ਆਦਿ ਲੈਣਾ ਪੜ੍ਹਾਈ ਦਾ ਨੁਕਸਾਨ ਕਰਦੇ ਹਨ ਅਤੇ ਆਖ਼ਰ ਵਿਦਿਆਰਥੀਆਂ ਦੇ ਦਾਖਲੇ ਨੂੰ ਪ੍ਰਭਾਵਿਤ ਕਰਦੇ ਹਨ। ਗ੍ਾਂਟਾਂ ਨੂੰ ਖਰਚਣਾ ਵੀ ਅਧਿਆਪਕਾਂ ਦੀ ਸਿਰਦਰਦੀ ਬਣੀ ਹੋਈ ਹੈ। ਆਡਿਟ ਦਾ ਕੰਮ ਵੀ ਚੱਲ ਰਿਹਾ ਹੈ ਸਾਰਾ ਸਾਲ ਲੰਘਣ ਤੋਂ ਬਾਅਦ ਰਜਿਸਟਰਾਂ ਦੀ ਖੇਪ ਸਕੂਲਾਂ ਵਿਚ ਪਹੁੰਚ ਚੁੱਕੀ ਹੈ। ਵਿਭਾਗ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਵੰਨ ਸੁਵੰਨੇ ਰਜਿਸਟਰ ਭਰਨ 'ਤੇ ਜੋਰ ਦੇ ਰਿਹਾ ਹੈ। ਜਦਕਿ ਨਿੱਜੀ ਅਦਾਰਿਆਂ ਵਿਚ ਇਹ ਸਾਰੇ ਕੰਮ ਕਲਰਕ ਅਤੇ ਸਕੂਲ ਪ੍ਰਬੰਧਕ ਕਰਦੇ ਹਨ। ਸੀਨੀਅਰ ਆਗੂ ਬਲਵਿੰਦਰ ਫ਼ਜ਼ਲਾਬਾਦ ਨੇ ਕਿਹਾ ਕਿ ਬੱਚਿਆਂ ਦੀ ਗਿਣਤੀ ਵਧਾਉਣ ਲਈ ਪ੍ਰਤੀ ਜਮਾਤ ਇਕ ਅਧਿਆਪਕ ਦੇਣਾ ਜ਼ਰੂਰੀ ਹੈ, ਪਰ ਸਕੂਲਾਂ ਵਿਚ ਇਕ ਅਧਿਆਪਕ ਦੋ ਜਾਂ ਤਿੰਨ ਜਮਾਤਾਂ ਪੜ੍ਹਾ ਰਹੇ ਹਨ। ਸਰਕਾਰ ਦੀ ਵਿੱਦਿਅਕ ਨੀਤੀ ਨਿਜੀਕਰਨ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਇਸ ਲਈ ਬੱਚਿਆਂ ਦੀ ਘੱਟ ਗਿਣਤੀ ਲਈ ਸਰਕਾਰ ਤੇ ਅਫ਼ਸਰਸ਼ਾਹੀ ਜਿੰਮੇਵਾਰ ਹੈ। ਇਸ ਮੌਕੇ ਕੁਲਵੀਰ ਸਿੰਘ, ਹਰਵਿੰਦਰ ਰੱਤੜਾ, ਹਰਵਿੰਦਰ ਖਾਨਗਾਹ, ਜਸਪਾਲ ਦੇਸਲ, ਅਮਰੀਸ਼ ਵਾਲੀਆ, ਸੁਨੀਲ ਘੁੱਗ ਬੇਟ, ਕੁਲਦੀਪ ਉੱਚਾ, ਸਵਰਣ ਮਜ਼ਾਹਦ ਪੁਰ, ਗੁਲਾਬ ਸਿੰਘ ਆਦਿ ਮੈਂਬਰ ਹਾਜ਼ਰ ਸਨ।