ਵਿਜੇ ਸੋਨੀ, ਫਗਵਾੜਾ : 1200 ਤਰ੍ਹਾਂ ਦੇ ਗੋਲ ਗੱਪੇ ਬਣਾ ਕੇ ਜੀਐੱਨਏ ਯੂਨੀਵਰਸਿਟੀ ਨੇ ਲਿਮਕਾ ਬੱੁਕ ਆਫ ਰਿਕਾਰਡ ਵਿੱਚ ਲਗਾਤਾਰ 7ਵੀਂ ਵਾਰ ਨਾਮ ਦਰਜ ਕਰਵਾਇਆ ਹੈ। ਫੈਕਲਟੀ ਆਫ ਹੋਸਪਿਟੈਲਿਟੀ ਦੇ ਡੀਨ ਡਾ. ਵਰਿੰਦਰ ਸਿੰਘ ਰਾਣਾ ਦੀ ਅਗਵਾਈ ਵਿੱਚ 8 ਫੈਕਲਟੀ ਸ਼ੈਫ ਤੇ 50 ਵਿਦਿਆਰਥੀਆਂ ਦੇ ਸਹਿਯੋਗ ਨਾਲ 1213 ਤਰ੍ਹਾਂ ਦੇ ਗੋਲ-ਗੱਪੇ ਬਣਾਉਣ ਦੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ। ਡਾ. ਵਰਿੰਦਰ ਸਿੰਘ ਰਾਣਾ ਨੇ ਕਿਹਾ ਕਿ 1200 ਤਰ੍ਹਾਂ ਦੇ ਗੋਲ ਗੱਪੇ ਬਣਾਉਣ ਬਾਰੇ ਜਦੋਂ ਪ੍ਰਰੋਫੈਸਰ ਚਾਂਸਲਰ ਗੁਰਦੀਪ ਸਿੰਘ ਸੀਹਰਾ ਨਾਲ ਵਿਚਾਰ ਸਾਂਝਾ ਕੀਤਾ ਗਿਆ ਤਾਂ ਉਨ੍ਹਾਂ ਦੀ ਹੌਸਲਾ ਅਫਜਾਈ ਨਾਲ ਇਹ ਰਿਕਾਰਡ ਨੇਪਰੇ ਚੜ ਸਕਿਆ। ਉਨ੍ਹਾਂ ਕਿਹਾ ਕਿ 1200 ਤਰ੍ਹਾਂ ਦੇ ਗੋਲ ਗੱਪੇ ਬਣਾਉਣ ਲਈ ਸ਼ਬਜੀਆਂ, ਫੱਲ, ਦਾਲਾਂ, ਕਰੇਲਾ, ਹਿੰਗ, ਆਲੂ, ਪਾਪੜੀ, ਗੋਭੀ, ਕਾਲਾ ਚਨਾ, ਦਹੀ ਪੁਦੀਨਾ, ਘੀਆ, ਚੌਕਲੇਟ ਅਤੇ ਹੋਰ ਕਈ ਤਰ੍ਹਾਂ ਦੇ ਮਸਾਲਿਆਂ ਦਾ ਇਸਤੇਮਾਲ ਕੀਤਾ ਗਿਆ। ਇਸ ਰਿਕਾਰਡ ਦੇ 800 ਵਿਦਿਆਰਥੀ ਫੈਕਲਟੀ ਮੈਂਬਰ, ਲਿਮਕਾ ਬੱੁਕ ਆਫ ਰਿਕਾਰਡ ਦੀ ਟੀਮ, ਸ਼ੈਫ ਰਾਹੁਲ ਬਾਲੀ ਮੈਨੇਜਿੰਗ ਡਾਇਰੈਕਟਰ ਰਾਹੁਲ ਕਿਚਨ ਐਂਡ ਫੂਡ ਸਲਾਹਕਾਰ, ਦੇਹਰਾਦੂਨ ਐਂਡ ਸ਼ੈਫ ਨੀਲੂ ਕੌੜਾ, ਗਵਾਹ ਬਣੇ ਜਿੰਨਾਂ ਨੇ ਵੱਖ-ਵੱਖ ਤਰ੍ਹਾਂ ਦੇ ਗੋਲ-ਗੱਪਿਆਂ ਦਾ ਸਵਾਦ ਚਖਿਆ। ਮੁੱਖ ਮਹਿਮਾਨਾਂ ਨੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਵੀਕੇ ਰਤਨ ਵਾਈਸ ਚਾਂਸਲਰ ਨੇ ਇਸ ਉਪਰਾਲੇ ਲਈ ਫੈਕਲਟੀ ਆਫ ਹੋਸਪਿਟੈਲਿਟੀ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਫੈਕਲਟੀ ਦੇ ਇਸ ਤਰ੍ਹਾਂ ਦੇ ਉਪਰਾਲੇ ਜੀਐਨਏ ਯੂਨੀਵਰਸਿਟੀ ਨੂੰ ਹੋਟਲ ਮੈਨੇਜਮੈਂਟ ਵਿੱਚ ਅੱਵਲ ਮੁਕਾਮ 'ਤੇ ਲਿਆਉਣ ਲਈ ਬਹੁਤ ਜ਼ਰੂਰੀ ਹਨ। ਫੈਕਲਟੀ ਆਫ ਹੋਸਪਿਟੈਲਿਟੀ ਦੀ ਟੀਮ ਨੇ ਲਿਮਕਾ ਬੁੱਕ ਆਫ ਰਿਕਾਰਡ ਦੇ ਅਧਿਕਾਰੀਆਂ (ਹੈਚੇਟੇ ਇੰਡੀਆ) ਨੂੰ ਪੂਰੀ ਜਾਣਕਾਰੀ ਉਪਲਬਧ ਕਰਵਾਈ। ਇਸ ਮੌਕੇ ਡਾ. ਨਰਿੰਦਰ ਅਵਸਥੀ ਰਜਿਸਟਰਾਰ, ਡਾ. ਮੋਨਿਕਾ ਹੰਸਪਾਲ, ਡੀਨ ਅਕੈਡਮਿਕ ਸਮੀਰ ਵਰਮਾ, ਅਸਿਟੈਂਟ ਡੀਨ ਸ਼ਵੇਤਾ, ਅਭਿਸ਼ੇਕ ਧਵਨ ਆਦਿ ਮੈਂਬਰ ਹਾਜ਼ਰ ਸਨ।