ਅਮਰ ਪਾਸੀ, ਫਗਵਾੜਾ : ਫਗਵਾੜਾ ਵਿਚ 13 ਅਪ੍ਰਰੈਲ ਦੇ ਮਾਮਲੇ ਨੂੰ ਲੈ ਕੇ ਚਿੰਗਾਰੀ ਹਾਲੇ ਵੀ ਸੁਲਗ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ਨੂੰ ਲੈ ਕੇ ਕੋਈ ਚੰਗਾ ਸੁਨੇਹਾ ਨਹੀਂ ਦੇ ਰਹੀ। ਜਿਸ ਦਾ ਵੱਡਾ ਕਾਰਨ ਹੈ ਕਿ ਪਿਛਲੇ ਦਿਨੀਂ ਗਾਂਧੀ ਚੌਂਕ ਵਿਚ ਜਨਰਲ ਸਮਾਜ ਵਲੋਂ ਧਰਨੇ ਪ੍ਰਦਰਸ਼ਨ ਦੌਰਾਨ ਵਾਲਮੀਕਿ ਸਮਾਜ ਦੇ ਬਾਰੇ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ। ਇੰਨਾ ਹੀ ਨਹੀਂ ਵਿਧਾਇਕ ਅਤੇ ਕੇਂਦਰ ਰਾਜ ਮੰਤਰੀ ਬਾਰੇ ਵੀ ਕੁਝ ਸ਼ਬਦਾਵਲੀ ਵਰਤੀ ਗਈ ਸੀ ਜੋ ਕਿ ਵਾਲਮੀਕਿ ਸਮਾਜ ਨੂੰ ਕੀਤੀਆਂ ਗਈਆਂ ਟਿੱਪਣੀਆਂ ਚੰਗੀਆਂ ਨਹੀਂ ਲੱਗੀਆਂ। ਜਿਸ ਦੇ ਚੱਲਦਿਆਂ ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਦਾ ਇਕ ਵਫ਼ਦ ਕਪੂਰਥਲਾ ਦੇ ਐੱਸਐੱਸਪੀ ਨੂੰ ਮੰਗ ਪੱਤਰ ਦੇਣ ਲਈ ਫਗਵਾੜਾ ਦੇ ਐੱਸਪੀ ਦਫ਼ਤਰ ਪਹੁੰਚੇ। ਜਿੱਥੇ ਐੱਸਪੀ ਮਨਵਿੰਦਰ ਸਿੰਘ ਦੀ ਬਜਾਏ ਉਨ੍ਹਾਂ ਦੀ ਡੀਐੱਸਪੀ ਸੁਰਿੰਦਰ ਚਾਂਦ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਮਾਮਲੇ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਦੇ ਨਾਲ ਹੀ ਪੂਰੇ ਮਾਮਲੇ ਸਬੰਧੀ ਗੱਲਬਾਤ ਵੀ ਕੀਤੀ ਗਈ। ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 18 ਫਰਵਰੀ ਨੂੰ ਜੋ ਧਰਨਾ ਪ੍ਰਦਰਸ਼ਨ ਗਾਂਧੀ ਚੌਂਕ ਵਿਖੇ ਲਗਾਇਆ ਗਿਆ ਸੀ, ਉਸ ਵਿਚ ਭਾਜਪਾ ਦੀ ਇਕ ਮਹਿਲਾ ਲੀਡਰ ਵਲੋਂ ਗਲਤ ਸ਼ਬਦਾਵਲੀ ਵਰਤੀ ਗਈ ਸੀ। ਇਸ ਤੋਂ ਇਲਾਵਾ ਸਾਬਕਾ ਕੌਂਸਲਰ ਸਰਿਤਾ ਸੂਦ ਵਲੋਂ ਵਾਲਮੀਕਿ ਸਮਾਜ ਦੇ ਖ਼ਿਲਾਫ਼ ਕੁਝ ਸ਼ਬਦਾਵਲੀ ਬੋਲੀ ਗਈ ਸੀ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਨੇ ਵੀ ਸ਼ਹਿਰ ਦੇ ਵਿਧਾਇਕ ਖ਼ਿਲਾਫ਼ ਕੁਝ ਗਲਤ ਸ਼ਬਦਾਵਲੀ ਵਰਤੀ ਹੈ। ਕਮੇਟੀ ਦੇ ਆਗੂਆਂ ਨੇ ਡੀਐੱਸਪੀ ਸੁਰਿੰਦਰ ਚਾਂਦ ਨਾਲ ਗੱਲਬਾਤ ਦੌਰਾਨ ਇਹ ਵੀ ਆਖਿਆ ਕਿ ਉਕਤ ਵਿਅਕਤੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਿਚ ਕੋਈ ਵੀ ਕਸਰ ਨਹੀਂ ਛੱਡੀ ਹੈ। ਜਿਸ ਨਾਲ ਹੀ ਵਾਲਮੀਕਿ ਸਮਾਜ ਵਿਚ ਵੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਜੋ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਜਲਦ ਹੀ ਠੋਸ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ। ਇਸ ਮਾਮਲੇ ਸਬੰਧੀ ਡੀਐੱਸਪੀ ਸੁਰਿੰਦਰ ਚਾਂਦ ਵਲੋਂ ਕਮੇਟੀ ਆਗੂਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਗਿਆ ਕਿ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਪੂਰੇ ਮਾਮਲੇ ਸਬੰਧੀ ਸੂਚਨਾ ਦਿੱਤੀ ਜਾਵੇਗੀ, ਉਸ ਤੋਂ ਬਾਅਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।