ਯਤਿਨ ਸ਼ਰਮਾ, ਫਗਵਾੜਾ : ਮੰਗਲਵਾਰ ਸਵੇਰੇ 6 ਤੋਂ 7 ਵਜੇ ਦੇ ਵਿਚਕਾਰ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਪਿੰਡ ਚਹੇੜੂ ਨੇੜੇ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਇਕ ਟਰੱਕ ਡਿਵਾਈਡਰ ਕਰਾਸ ਕਰਕੇ ਜਲੰਧਰ ਤੋਂ ਫਗਵਾੜਾ ਵੱਲ ਜਾ ਰਹੀ ਇਕ ਕਾਰ ਨਾਲ ਜਾ ਟਕਰਾਇਆ। ਟੱਕਰ ਹੋਣ ਕਾਰਨ ਕਾਰ ਪਲਟ ਗਈ ਅਤੇ ਉਸ ਵਿੱਚ ਸਵਾਰ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਜਿਨਾਂ ਵਿੱਚ ਦੋ ਬੱਚੇ ਵੀ ਸਨ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨਾਂ ਨੂੰ ਮੌਕੇ 'ਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਅਨਿਲ ਵਰਮਾ (35) ਪੁੱਤਰ ਲਲਿਤ ਵਰਮਾ, ਪਤਨੀ ਰੀਨਾ ਵਰਮਾ (30) ਤੇ ਦੋ ਬੱਚਿਆਂ ਗਣਿਕਾ (8) ਅਤੇ ਯਸ਼ਿਕਾ ਵਰਮਾ (3) ਦੇ ਰੂਪ ਵਿੱਚ ਹੋਈ ਹੈ। ਕਾਰ ਚਾਲਕ ਅਨਿਲ ਵਰਮਾ ਨੇ ਦੱਸਿਆ ਉਹ ਜਲੰਧਰ ਤੋਂ ਨਵਾਂ ਸ਼ਹਿਰ ਵੱਲ ਨੂੰ ਜਾ ਰਹੇ ਸਨ ਕਿ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਨੇੜੇ ਇੱਕ ਟਰੱਕ ਤੇਜ਼ ਰਫਤਾਰ ਨਾਲ ਸਾਹਮਣੇ ਤੋਂ ਉਨ੍ਹਾਂ ਦੀ ਕਾਰ 'ਚ ਆ ਕੇ ਟਕਰਾਇਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨਸ਼ੇ ਦੀ ਹਾਲਤ 'ਚ ਸੀ ਜਿਸ ਕਰਕੇ ਸ਼ਾਇਦ ਇਹ ਹਾਦਸਾ ਹੋਇਆ। ਅਨਿਲ ਕੁਮਾਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਉਸਦੀ ਪਤਨੀ ਤੇ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਖਬਰ ਲਿਖੇ ਜਾਣ ਤਕ ਅਨਿਲ ਕੁਮਾਰ ਦੀ ਪਤਨੀ ਰੀਨਾ ਅਤੇ ਬੱਚੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਨ।