ਹਰਮੇਸ਼ ਸਰੋਆ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਪੁਲਿਸ ਨੇ ਪੰਜ ਕਿਲੋ ਅਫੀਮ ਸਣੇ ਚਾਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ। ਜਾਣਕਾਰੀ ਦਿੰਦੇ ਹੋਏ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੌਰਾਨੇ ਗਸ਼ਤ ਹਰੀਆਬਾਦ ਮੌਜੂਦ ਸੀ ਤੇ ਮੁਖ਼ਬਰ ਦੀ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਮੋਹਨ ਸਿੰਘ ਵਾਸੀ ਚਾਹਲ ਨਗਰ ਥਾਣਾ ਸਿਟੀ ਫਗਵਾੜਾ, ਬਲਵੰਤ ਰਾਏ ਉਰਫ ਕਾਕੂ ਪੁੱਤਰ ਰਤਨ ਚੰਦ ਵਾਸੀ ਖੇੜਾ ਕਾਲੋਨੀ , ਧਰਮਵੀਰ ਪੁੱਤਰ ਓਮ ਪ੍ਰਕਾਸ਼ ਵਾਸੀ ਡੱਡਲ ਮੁਹੱਲਾ , ਸੱਤਪਾਲ ਸੰਧੂ ਪੁੱਤਰ ਸਰਵਣ ਸੰਧੂ ਵਾਸੀ ਡੱਡਲ ਮੁਹੱਲਾ ਫਗਵਾੜਾ, ਰਾਜਸਥਾਨ ਤੋਂ ਕਿਸੇ ਵਿਅਕਤੀ ਤੋਂ ਅਫੀਮ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਨੇ ਮੌਕੇ 'ਤੇ ਚਾਰਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਹਰਪ੍ਰੀਤ ਉਰਫ਼ ਸੰਨੀ ਪਾਸੋਂ ਦੋ ਕਿਲੋ ਅਫੀਮ , ਬਲਵੰਤ ਰਾਏ ਉਰਫ ਕਾਕੂ ਤੋਂ ਇੱਕ ਕਿੱਲੋ ਅਫੀਮ, ਧਰਮਵੀਰ ਪਾਸੋਂ ਇੱਕ ਕਿੱਲੋ ਅਫੀਮ , ਸੱਤਪਾਲ ਸੰਧੂ ਪਾਸੋਂ ਇਕ ਕਿਲੋ ਅਫੀਮ ਬਰਾਮਦ ਹੋਈ। ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਤੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਜਾ ਸਕਦੀ ਹੈ।

Posted By: Seema Anand