ਜੇਐੱਨਐੱਨ, ਕਪੂਰਥਲਾ : ਲਗਪਗ ਦਸ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਲਗਪਗ 19 ਫੁੱਟ ਲੰਬਾ ਗੰਨਾ ਪੈਦਾ ਕਰਕੇ ਸੇਵਾ-ਮੁਕਤ ਇੰਸਪੈਕਟਰ ਤੋਂ ਕਿਸਾਨ ਬਣੇ ਬਲਬੀਰ ਸਿੰਘ ਕਾਫੀ ਉਤਸ਼ਾਹਿਤ ਹਨ। ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਨ੍ਹਾਂ ਨੇ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕੀਤੀ। ਇਸ ਕਾਰਨ ਉਨ੍ਹਾਂ ਤੋਂ ਹੋਰ ਕਿਸਾਨ ਵੀ ਗੰਨੇ ਦੀ ਫਸਲ ਪੈਦਾ ਕਰਨ ਦੇ ਗੁਰ ਸਿੱਖ ਰਹੇ ਹਨ।

ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਜੈਨਪੁਰ ਵਾਸੀ ਕਿਸਾਨ ਬਲਬੀਰ ਸਿੰਘ ਪੰਜਾਬ ਆਰਮਡ ਪੁਲਿਸ ’ਚ ਬਤੌਰ ਇੰਸਪੈਕਟਰ ਸੇਵਾ-ਮੁਕਤ ਹੋਏ ਹਨ। ਸੇਵਾ-ਮੁਕਤੀ ਤੋਂ ਬਾਅਦ ਬਲਬੀਰ ਸਿੰਘ ਸਮਾਜ ਕੰਮਾਂ ਵਿਚ ਰੁੱਝੇ ਹੋਣ ਦੇ ਨਾਲ-ਨਾਲ ਘਰੇਲੂ ਬਗੀਚੀ ਤੇ ਘਰੇਲੂ ਸਬਜ਼ੀਆਂ ਪੈਦਾ ਕਰਨ ਵਿਚ ਵੀ ਡਟ ਗਏ। ਰਵਾਇਤੀ ਖੇਤੀ ਦਾ ਜ਼ਿਆਦਾਤਰ ਕੰਮ ਬਲਬੀਰ ਸਿੰਘ ਦੇ ਛੋਟੇ ਭਰਾ ਸੁਖਦੇਵ ਸਿੰਘ ਦੇਖਦੇ ਹਨ ਪਰ ਬਲਬੀਰ ਸਿੰਘ ਖੁਦ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ’ਚ ਰੁੱਝੇ ਰਹਿੰਦੇ ਹਨ। ਇਸ ਕੰਮ ਤਹਿਤ ਉਹ ਵੱਖ-ਵੱਖ ਕਿਸਮਾਂ ਦੇ ਆਧੁਨਿਕ ਬੀਜ ਲਿਆ ਕੇ ਨਾ ਸਿਰਫ ਖੁਦ ਲਈ ਸਬਜ਼ੀਆਂ ਬੀਜਦੇ ਹਨ ਬਲਕਿ ਉਨ੍ਹਾਂ ਦੀ ਸਬਜ਼ੀ ਦੀ ਪੈਦਾਵਾਰ ਇੰਨੀ ਹੁੰਦੀ ਹੈ ਕਿ ਆਸ-ਪਾਸ ਦੇ ਲੋਕ ਵੀ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਸਬਜ਼ੀਆਂ ਖੂਬ ਖਾਂਦੇ ਹਨ।

ਇਸ ਰੁਚੀ ਦੇ ਚੱਲਦਿਆਂ ਉਨ੍ਹਾਂ ’ਚ ਲੰਬੇ ਤੋਂ ਲੰਬਾ ਗੰਨਾ ਪੈਦਾ ਕਰਨਾ ਵੀ ਜਨੂੰਨ ਪੈਦਾ ਹੋ ਗਿਆ। ਇਸ ਸਾਲ ਉਨ੍ਹਾਂ ਖੇਤਾਂ ’ਚ ਗੰਨਾ ਬੀਜਣ ਦੇ ਨਾਲ-ਨਾਲ ਹਵੇਲੀ ਵਿਚ ਸ਼ੌਕੀਆ ਤੌਰ ’ਤੇ ਗੰਨੇ ਦੀ ਬਿਜਾਈ ਕਰ ਦਿੱਤੀ ਅਤੇ ਬਿਨਾਂ ਕਿਸੇ ਰਸਾਇਣਿਕ ਖਾਦ ਦੀ ਵਰਤੋਂ ਕੀਤੇ ਉਹ ਲਗਪਗ 19-20 ਫੁੱਟ ਲੰਬਾ ਗੰਨਾ ਪੈਦਾ ਕਰਨ ਵਿਚ ਸਫਲ ਹੋ ਗਏ।

ਬਗੈਰ ਰਸਾਇਣਿਕ ਖਾਦ ਦੇ ਫਸਲ ਪੈਦਾ ਕਰਨ ’ਚ ਘੱਟ ਆਇਆ ਖਰਚਾ

ਕਿਸਾਨ ਬਲਬੀਰ ਸਿੰਘ ਨੇ ਕਿਹਾ ਕਿ ਬਗੈਰ ਰਸਾਇਣਿਕ ਖਾਦ ਦੇ ਪੈਦਾ ਕੀਤੇ ਗਏ ਗੰਨੇ ਦਾ ਰਸ ਬੇਹੱਦ ਲਾਜਵਾਬ ਹੁੰਦਾ ਹੈ। ਹਾਲਾਂਕਿ ਇਸ ਗੰਨੇ ਤੋਂ ਗੁੜ ਤੇ ਸ਼ੱਕਰ ਵੀ ਅਤਿਅੰਤ ਗੁਣਕਾਰੀ ਹੁੰਦਾ ਹੈ ਪਰ ਉਹ ਇਸ ਗੰਨੇ ਨੂੰ ਸਿਰਫ ਰਸ ਕੱਢਣ ਲਈ ਵਰਤਦੇ ਹਨ। ਖੁਦ ਵੀ ਪੀਂਦੇ ਹਨ ਅਤੇ ਆਪਣੇ ਦੋਸਤਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਗੰਨੇ ਦਾ ਰਸ ਪਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਗੰਨੇ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਗੋਹੇ ਦੀ ਖਾਦ ਪਾਈ ਗਈ।

ਇਸ ਤੋਂ ਬਾਅਦ ਗੰਨੇ ਦੀ ਫਸਲ ’ਚ ਕਿਸੇ ਵੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਤਕ ਇਸ ਗੰਨੇ ਦੀ ਲੰਬਾਈ ਤੇ ਮੋਟਾਈ ਹਾਲੇ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਸ਼ੂਗਰ ਦੀ ਸ਼ਿਕਾਇਤ ਹੋਈ ਸੀ ਜਿਸ ਕਾਰਨ ਉਨ੍ਹਾਂ ਨੂੰ ਰੁੱਝੇ ਹੋਏ ਰੱਖਣ ਤੇ ਕਸਰਤ ਕਰਨ ਦਾ ਜ਼ਰੀਆ ਖੇਤਾਂ ਨੂੰ ਚੁਣਿਆ। ਉਹ ਵਪਾਰਕ ਤੌਰ ’ਤੇ ਨਹੀਂ ਬਲਕਿ ਸ਼ੌਕੀਆ ਤੌਰ ’ਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ।

ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਕਬੱਡੀ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਹਨ ਅਤੇ ਪੁਲਿਸ ਵਿਭਾਗ ’ਚ ਨੌਜਵਾਨਾਂ ਨੂੰ ਟਰੇਨਿੰਗ ਦੇ ਰਹੇ ਹਨ। ਇਸ ਸਬੰਧੀ ਖੇਤੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਸਤਵੀਰ ਸਿੰਘ ਦਾ ਕਹਿਣਾ ਹੈ ਕਿ ਬਿਨਾਂ ਰਸਾਇਣਿਕ ਖਾਦਾਂ ਦੇ ਪੈਦਾ ਗੰਨਾ ਸਿਹਤ ਲਈ ਬੇਹੱਦ ਲਾਭਦਾਇਕ ਹੈ। ਕਿਸਾਨ ਬਲਬੀਰ ਸਿੰਘ ਦੀ ਇੰਨਾ ਲੰਬਾ ਗੰਨਾ ਪੈਦਾ ਕਰਨ ਦੀ ਕੋਸ਼ਿਸ਼ ਪ੍ਰਸ਼ੰਸਾਯੋਗ ਹੈ।

Posted By: Jagjit Singh