ਅਮਨਜੋਤ ਵਾਲੀਆ, ਕਪੂਰਥਲਾ : ਥਾਣਾ ਸਦਰ ਵਿਚ ਪੈਂਦੇ ਐੱਸਐੱਸਕੇ ਫੈਕਟਰੀ ਏਰੀਏ ਨੇੜੇ ਰਹਿੰਦੇ ਦੋ ਪਰਿਵਾਰਾਂ ਦੀ ਆਪਸੀ ਲੜਾਈ 'ਚ ਤਿੰਨ ਲੜਕੀਆਂ ਸਮੇਤ ਪੰਜ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਪਤਨੀ ਪ੍ਰੇਮ ਅਤੇ ਉਸ ਦੀ ਨਨਾਣ ਰੋਜ਼ੀ ਨੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਸੜਕ ਟੁੱਟੀ ਹੋਣ ਕਾਰਨ ਉਹ ਸੜਕ 'ਤੇ ਮਿੱਟੀ ਪਾ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੇ ਦਾਦਾ ਬਚਨ ਸਿੰਘ, ਤਾਇਆ ਚਰਨਜੀਤ ਸਿੰਘ ਅਤੇ ਨਨਾਣ ਬੇਬੀ ਨੇ ਉਨ੍ਹਾਂ ਨਾਲ ਆ ਕੇ ਸੜਕ ਨੂੰ ਲੈ ਕੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਦੂਜੀ ਧਿਰ ਦੇ ਬਚਨ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਸੜਕ 'ਤੇ ਪਾਈ ਗਈ ਮਿੱਟੀ ਬਾਰੇ ਪੁੱਛਣ ਗਿਆ ਸੀ ਕਿ ਸਾਡੇ ਵੱਲ ਟੁੱਟੀ ਹੋਈ ਸੜਕ 'ਤੇ ਵੀ ਮਿੱਟੀ ਪਾ ਦਿਓ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦਾ ਲੜਕਾ ਚਰਨਜੀਤ ਸਿੰਘ ਅਤੇ ਉਸ ਦੀ ਪੋਤੀ ਬੇਬੀ ਉਸ ਨੂੰ ਛੁਡਵਾਉਣ ਲਈ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।