ਪੱਤਰ ਪ੍ਰਰੇਰਕ, ਫਗਵਾੜਾ : ਫਗਵਾੜਾ ਸ਼ਹਿਰ 'ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਕੋਟਰਾਣੀ ਰੋਡ ਅਤੇ ਬੰਗਾ ਰੋਡ ਉੱਪਰ ਦੋ ਜਗ੍ਹਾ ਗੋਲੀ ਕਾਂਡ ਵਾਪਰ ਗਿਆ। ਇਸ ਘਟਨਾ ਵਿਚ ਦੋ ਥਾਵਾਂ 'ਤੇ ਦੋ ਨੌਜਵਾਨ ਜ਼ਖ਼ਮੀ ਹੋ ਗਏ। ਇਸ ਗੋਲੀ ਕਾਂਡ ਦੇ ਤੁਰੰਤ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰ ਦਿੱਤੀ ਗਈ। ਐੱਸਐੱਸਪੀ ਕਪੂਰਥਲਾ, ਐੱਸਪੀ ਡੀ ਕਪੂਰਥਲਾ, ਫਗਵਾੜਾ ਸ਼ਹਿਰ ਦੇ ਐੱਸਪੀ ਤੇ ਡੀਐੱਸਪੀ ਸਮੇਤ ਸੈਂਕੜੇ ਪੁਲਿਸ ਮੁਲਾਜ਼ਮ ਘਟਨਾ ਵਾਲੀ ਜਗ੍ਹਾ 'ਤੇ ਜਾਂਚ ਕਰਨ ਲਈ ਪੁੱਜ ਗਏ। ਪਹਿਲੇ ਮਾਮਲੇ 'ਚ ਬੰਗਾ ਰੋਡ 'ਤੇ ਸਥਿਤ ਇਕ ਮੋਬਾਈਲ ਸ਼ਾਪ ਦੀ ਦੁਕਾਨ ਉੱਪਰ ਬੈਠੇ ਮਨੀਸ਼ ਪੁੱਤਰ ਸੋਮਨਾਥ ਵਾਸੀ ਨਿਊ ਹਰਕਿ੍ਸ਼ਨ ਨਗਰ ਕੋਲ ਇਕ ਡਾਟਾ ਕੇਬਲ ਲੈਣ ਲਈ ਦੋ ਨੌਜਵਾਨ, ਜਿਨ੍ਹਾਂ ਆਪਣੇ ਮੂੰਹ ਢੱਕੇ ਹੋਏ ਸਨ, ਪੁੱਜੇ ਸਨ। ਜਦੋਂ ਉਨ੍ਹਾਂ ਦੁਕਾਨਦਾਰ ਮਨੀਸ਼ ਕੋਲੋਂ ਡਾਟਾ ਕੇਬਲ ਲੈ ਲਈ ਤਾਂ ਉਸ ਉੱਪਰ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਦੁਕਾਨਦਾਰ ਨੇ ਬੜੀ ਹੁਸ਼ਿਆਰੀ ਨਾਲ ਖ਼ੁਦ ਨੂੰ ਬਚਾਅ ਲਿਆ ਪਰ ਗੋਲੀ ਦੇ ਛਰਰੇ ਉਸ ਨੂੰ ਜ਼ਖ਼ਮੀ ਕਰ ਚੁੱਕੇ ਸਨ, ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਉਸ ਨੇ ਦੱਸਿਆ ਕਿ ਦੋਵੇਂ ਨੌਜਵਾਨ ਡਾਟਾ ਕੇਬਲ ਖਰੀਦਣ ਲਈ ਆਏ ਸੀ ਪਰ ਉਨ੍ਹਾਂ ਬਾਰੇ ਉਸ ਨੂੰ ਕੁਝ ਵੀ ਨਹੀਂ ਪਤਾ ਹੈ ਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਵਾਲੀ ਗੱਲ ਹੈ। ਪੁਲਿਸ ਵੱਲੋਂ ਉਸ ਦੇ ਬਿਆਨਾਂ 'ਤੇ ਜਾਂਚ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਦੂਜੇ ਮਾਮਲੇ 'ਚ ਮੁਹੱਲਾ ਹਦੀਆਬਾਦ ਵਿਖੇ ਰਹਿੰਦਾ ਇਕ ਨੌਜਵਾਨ, ਜਿਸ ਦੀ ਪਛਾਣ ਗਗਨ ਸ਼ਰਮਾ ਪੁੱਤਰ ਗੰਗਾ ਰਾਮ ਸ਼ਰਮਾ, ਜੋ ਕਿ ਰੋਜ਼ਾਨਾ ਕੋਟਰਾਣੀ ਇਲਾਕੇ 'ਚ ਇਕ ਜਿੰਮ ਵਿਖੇ ਜਾਂਦਾ ਹੁੰਦਾ ਸੀ ਅਤੇ ਸੋਮਵਾਰ ਨੂੰ ਵੀ ਉਹ ਕਰੀਬ ਸ਼ਾਮ ਦੇ ਚਾਰ ਵਜੇ ਕੋਟਰਾਣੀ ਰੋਡ ਤੋਂ ਲੰਘ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ, ਜਿਸ 'ਚ ਗਗਨ ਸ਼ਰਮਾ ਮੁਤਾਬਕ ਕਰੀਬ ਸੱਤ ਵਿਅਕਤੀ ਬੈਠੇ ਹੋਏ ਸਨ, ਨੇ ਉਸ ਦੇ ਮੋਟਰਸਾਈਕਲ ਨੂੰ ਸਾਹਮਣੇ ਤੋਂ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਜਦੋਂ ਉਹ ਥੱਲੇ ਡਿੱਗ ਪਿਆ ਤਾਂ ਕਾਰ 'ਚ ਸਵਾਰ ਨੌਜਵਾਨਾਂ ਨੇ ਉਸ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਉਸ ਦੇ ਸੱਜੀ ਲੱਤ ਨੂੰ ਜਾ ਲੱਗੀਆਂ। ਉਸ ਨੇ ਆਪਣਾ ਬਚਾਅ ਕਰਦੇ ਹੋਏ ਮੋਟਰਸਾਈਕਲ ਨੂੰ ਉੱਥੇ ਹੀ ਛੱਡ ਕੇ ਨਾਲ ਹੀ ਜਾਂਦੀ ਇਕ ਗਲੀ 'ਚ ਵੜ ਕੇ ਦੌੜ ਲਗਾ ਦਿੱਤੀ ਪਰ ਗੱਡੀ ਵਾਲੇ ਹਮਲਾਵਰਾਂ ਨੇ ਵੀ ਆਪਣੀ ਕਾਰ ਉਸ ਦੇ ਪਿੱਛੇ ਹੀ ਗਲੀ 'ਚ ਵਾੜ ਦਿੱਤੀ। ਕੁਝ ਦੂਰੀ 'ਤੇ ਨੌਜਵਾਨ ਇਕ ਘਰ ਦੇ ਅੰਦਰ ਵੜ ਗਿਆ ਅਤੇ ਅੰਦਰੋ ਉਸ ਨੇ ਗੇਟ ਬੰਦ ਕਰ ਲਿਆ। ਹਮਲਾਵਰ ਵਿਅਕਤੀਆਂ ਨੇ ਗੇਟ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਗੇਟ ਨੂੰ ਤੋੜ ਕੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਗਗਨ ਸ਼ਰਮਾ ਘਰ ਦੀ ਉਪਰਲੀ ਮੰਜ਼ਿਲ 'ਤੇ ਜਾ ਕੇ ਪਿਛਲੇ ਪਾਸੇ ਖਾਲੀ ਪਈ ਜਗ੍ਹਾ ਉੱਪਰ ਉਸ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਕਾਰ ਸਵਾਰ ਹਮਲਾਵਰਾਂ ਨੇ ਗੇਟ ਦੇ ਬਾਹਰ ਵੀ ਇਕ ਗੋਲੀ ਚਲਾਈ ਤੇ ਉਥੋਂ ਹੀ ਗੱਡੀ ਭਜਾ ਕੇ ਫ਼ਰਾਰ ਹੋ ਗਏ। ਇਲਾਕਾ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੰਦੇ ਹੋਏ ਗਗਨ ਸ਼ਰਮਾ ਨੂੰ ਸਿਵਲ ਹਸਤਾਲ ਵਿਖੇ ਭਰਤੀ ਕਰਵਾਇਆ, ਜਿੱਥੇ ਐੱਸਐੱਸਪੀ ਕਪੂਰਥਲਾ ਐੱਸਪੀ ਫਗਵਾੜਾ ਤੇ ਐੱਸਪੀ ਡੀ ਕਪੂਰਥਲਾ ਪੁੱਜੇ ਤੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਗੋਲੀਕਾਂਡ ਦੀਆਂ ਦੋ ਘਟਨਾਵਾਂ ਕਾਰਨ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਲਦੀ ਦੋਨੋਂ ਵਾਰਦਾਤਾਂ ਨੂੰ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।