ਪੰਜਾਬੀ ਜਾਗਰਣ ਟੀਮ, ਕਪੂਰਥਲਾ : ਫ਼ਰਜ਼ੀ ਟਰੈਵਲ ਏਜੰਟਾਂ ਦੇ ਦੋ ਧੜੇ ਸੋਮਵਾਰ ਦੇਰ ਸ਼ਾਮ ਰਕਮ ਦੇ ਲੈਣ-ਦੇਣ ਕਾਰਨ ਆਪਸ ਵਿਚ ਉਲਝ ਗਏ। ਇਕ ਧੜੇ ਦੇ ਚਾਰ ਮੈਂਬਰ ਜੋ ਦਿੱਲੀ ਦੇ ਦੱਸੇ ਜਾ ਰਹੇ ਹਨ ਨੇ ਦੂਜੇ ਧੜੇ ਦੇ ਮੈਂਬਰ 'ਤੇ ਗੋਲ਼ੀਆਂ ਚਲਾ ਕੇ ਕੈਨੇਡਾ ਭੇਜਣ ਵਾਸਤੇ ਲਈ ਗਈ 44 ਲੱਖ ਰੁਪਏ ਦੀ ਰਕਮ ਖੋਹ ਲਈ।

10 ਨਿਗਮਾਂ ਦੇ ਮੇਅਰਾਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਤਾਕਤਾਂ

ਪੁਲਿਸ ਨੇ ਪੰਜ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਲਿਆ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਸਤਿੰਦਰ ਸਿੰਘ, ਐੱਸਪੀ ਮਨਪ੍ਰੀਤ ਸਿੰਘ ਢਿੱਲੋਂ, ਏਐੱਸਪੀ ਭੁਲੱਥ ਡਾ. ਸਿਮਰਨ ਕੌਰ ਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪੁੱਜ ਗਏ। ਇਨ੍ਹਾਂ ਵਿਚੋਂ ਇਕ ਧੜੇ ਦੇ ਸਿਮਰਨਜੀਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਛੇਤੀ ਹੀ ਬਾਕੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਰਤਾਰਪੁਰ-ਸੁਭਾਨਪੁਰ ਰਾਸ਼ਟਰੀ ਰਾਜ ਮਾਰਗ 'ਤੇ ਹਮੀਰਾ ਨੇੜੇ ਇਕ ਹੋਟਲ 'ਚ ਕਾਰਾਂ 'ਚ ਆਏ ਟਰੈਵਲ ਏਜੰਟਾਂ ਦੇ ਦੋ ਧੜੇ ਕਿਸੇ ਝਗੜੇ ਦੇ ਨਿਪਟਾਰੇ ਲਈ ਬੈਠੇ ਹੋਏ ਸਨ।


ਇਸੇ ਦੌਰਾਨ ਦੋਵਾਂ ਧੜਿਆਂ ਵਿਚ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਗੋਲ਼ੀਆਂ ਚੱਲਣ ਕਾਰਨ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ। ਪੁਲਿਸ ਨੇ ਪਿੱਛਾ ਕਰਦਿਆਂ ਇਕ ਮੁਲਜ਼ਮ ਨੂੰ ਲਾਇਸੈਂਸੀ ਪਿਸਤੌਲ ਸਮੇਤ ਗਿ੍ਫ਼ਤਾਰ ਕਰ ਲਿਆ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਂ ਸਿਮਰਨਜੀਤ ਸਿੰਘ ਉਰਫ਼ ਪ੍ਰਿੰਸ ਪੁੱਤਰ ਸਤਿੰਦਰ ਸਿੰਘ ਨਿਵਾਸੀ ਛੇਹਰਟਾ ਦੱਸਿਆ।

ਪੁੱਛਗਿੱਛ ਦੌਰਾਨ ਪਿ੍ਰੰਸ ਨੇ ਦੱਸਿਆ ਕਿ ਉਹ ਟਰੈਵਲ ਏਜੰਟ ਦਾ ਕੰਮ ਕਰਦਾ ਹੈ। ਉਹ ਦਿੱਲੀ ਦੇ ਕੁਝ ਕਬੂਤਰਬਾਜ਼ਾਂ ਨੂੰ ਵਿਦੇਸ਼ ਭੇਜਣ ਲਈ ਨੌਜਵਾਨ ਦਿੰਦਾ ਹੈ। ਉਸ ਨੂੰ 'ਉਪ ਏਜੰਟ' ਗੁਰਬਾਜ਼ ਸਿੰਘ ਨੇ ਦੋ ਨੌਜਵਾਨ ਕੈਨੇਡਾ ਭੇਜਣ ਲਈ ਦਿੱਤੇ ਸਨ। 44 ਲੱਖ ਰੁਪਏ 'ਚ ਸੌਦਾ ਤੈਅ ਹੋਇਆ ਸੀ। ਇਸ ਦੌਰਾਨ ਉਸ ਨੂੰ ਨਵੀਂ ਦਿੱਲੀ ਤੋਂ ਆਏ ਫ਼ਰਜ਼ੀ ਟਰੈਵਲ ਏਜੰਟਾਂ ਸਤੀਸ਼ ਕੁਮਾਰ, ਮੋਹਨ, ਸੰਨੀ ਤੇ ਅਰੁਣ ਨੇ ਰਕਮ ਲੈਣ ਲਈ ਉਕਤ ਹੋਟਲ ਵਿਚ ਸੱਦਿਆ ਸੀ। ਕਮਿਸ਼ਨ ਨੂੰ ਲੈ ਕੇ ਆਪਸ ਵਿਚ ਬਹਿਸ ਸ਼ੁਰੂ ਹੋ ਗਈ। ਦਿੱਲੀ ਤੋਂ ਆਏ ਟਰੈਵਲ ਏਜੰਟ ਉਸ 'ਤੇ ਪੂਰੀ 44 ਲੱਖ ਰੁਪਏ ਦੀ ਰਕਮ ਦੇਣ ਦਾ ਦਬਾਅ ਪਾ ਰਹੇ ਸਨ ਤਾਂ ਜੋ ਉਹ ਦੋਵਾਂ ਨੌਜਵਾਨਾਂ ਨੂੰ ਕੈਨੇਡਾ ਭੇਜ ਸਕਣ। ਇਸ ਦੌਰਾਨ ਕਮਿਸ਼ਨਬਾਜ਼ੀ ਨੂੰ ਲੈ ਕੇ ਹੋਈ ਬਹਿਸ 'ਚ ਦੋਵਾਂ ਧਿਰਾਂ ਵਿਚਾਲੇ ਗੋਲ਼ੀਆਂ ਚੱਲ ਗਈਆਂ। ਇਸ ਗੋਲ਼ੀਬਾਰੀ ਵਿਚ ਦਿੱਲੀ ਤੋਂ ਆਏ ਟਰੈਵਲ ਏਜੰਟ ਉਸ ਤੋਂ 44 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ।