ਅਜੈ ਕਨੌਜੀਆ, ਕਪੂਰਥਲਾ : ਦੇਸ਼ ਆਜ਼ਾਦ ਹੋਇਆ ਨੂੰ ਬੇਸ਼ੱਕ 72 ਸਾਲ ਬੀਤ ਚੁੱਕੇ ਹਨ, ਪਰ ਇਸ ਦੇਸ਼ ਵਿਚ ਸਰਮਾਏਦਾਰੀ ਅਤੇ ਜਗੀਰਦਾਰੀ ਸੋਚ ਅੱਜ ਵੀ ਉਸੇ ਤਰ੍ਹਾਂ ਭਾਰੂ ਬਣੀ ਹੋਈ ਹੈ। ਗੁੰਡਾ ਅਨਸਰਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੈ, ਪੁਲਿਸ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਹੀਂ ਨਿਭਾਉਂਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਸੁਸਾਇਟੀ (ਰਜਿ.) ਦੇ ਪ੍ਰਧਾਨ ਕਿ੍ਰਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈਂਥਰ, ਆਲ ਇੰਡੀਆ ਐੱਸਸੀ/ਐੱਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਜੀਤ ਸਿੰਘ ਤੇ ਵਰਕਿੰਗ ਪ੍ਰਧਾਨ ਰਣਜੀਤ ਸਿੰਘ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਦਲਿਤ ਜਥੇਬੰਦੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਹੇ। ਜ਼ਿਲ੍ਹਾ ਸੰਗਰੂਰ ਹਲਕਾ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਜੱਗਾ ਨੂੰ ਪਿੰਡ ਦੇ ਅਖੌਤੀ ਉੱਚ ਜਾਤੀ ਦੇ ਸਰਮਾਏਦਾਰ ਗੁੰਡਿਆਂ ਵਲੋਂ ਗੈਰ ਮਨੁੱਖੀ ਸਲੂਕ ਕੀਤਾ ਗਿਆ। ਜੋ ਘਟਨਾ ਵਾਪਰੀ ਹੈ ਇਸ ਨੇ ਪਹਿਲਾਂ ਵਾਪਰੇ ਅਬੋਹਰ ਦੇ ਭੀਮ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਚੰਡੀਗੜ੍ਹ ਦੇ ਪੀਜੀਆਈ ਹਸਪਾਤਲ ਵਿਖੇ ਡਾਕਟਰਾਂ ਵਲੋਂ ਲੱਤਾਂ ਕੱਟਣ ਦੇ ਬਾਵਜੂਦ ਵੀ ਜਗਮੇਲ ਸਿੰਘ ਜੱਗਾ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆ ਮੌਤ ਦੇ ਮੂੰਹ ਪੈ ਗਿਆ। ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਵੀ ਕੀਤੀ। ਜਿੱਥੇ ਪੂਰੀ ਦੁਨੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਬਹੁਤ ਹੀ ਸ਼ਰਧਾ ਨਾਲ ਮਨਾ ਰਹੀ ਸੀ ਤਾਂ ਪਿੰਡ ਦੇ ਸਰਮਾਏਦਾਰ ਜਿੰਮੀਂਦਾਰਾਂ ਦੇ ਗੁੰਡਿਆਂ ਨੇ ਅਜਿਹਾ ਕਾਂਡ ਕਰਕੇ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਿਚ ਆਪਣਾ ਰੋਲ ਅਦਾ ਕੀਤਾ। ਇਸ ਘਟਨਾ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਕਿਉਂਕਿ ਇਨ੍ਹਾਂ ਗੁੰਡਿਆ ਨੇ ਗੈਰ ਸੰਵਿਧਾਨਿਕ ਕਾਰਵਾਈ ਕਰਕੇ ਮਨੂੰਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਕਿ੍ਰਸ਼ਨ ਲਾਲ ਜੱਸਲ ਅਤੇ ਧਰਮ ਪਾਲ ਪੈਂਥਰ ਨੇ ਕਿਹਾ ਸ਼ਰਾਰਤੀ ਅਨਸਰਾਂ ਦਾ ਕੋਈ ਧਰਮ ਨਹੀਂ ਹੁੰਦਾ ਉਨ੍ਹਾਂ ਦਾ ਧਰਮ ਗੁੰਡਾਗਰਦੀ ਫੈਲਾਉਣਾ ਹੁੰਦਾ ਹੈ। ਜੇਕਰ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਸਮੇਂ-ਸਿਰ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਜੱਗੇ ਦੀ ਜਾਨ ਬਚਾਈ ਜਾ ਸਕਦੀ ਸੀ। ਜਿਨ੍ਹਾਂ ਪੁਲਿਸ ਵਾਲਿਆਂ ਨੇ ਆਪਣੀ ਬਣਦੀ ਡਿਊਟੀ ਪ੍ਰਤੀ ਕੁਤਾਹੀ ਵਰਤੀ ਹੈ, ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਕੇ ਸਜਾ ਦਿੱਤੀ ਜਾਵੇ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ (ਰਜਿ.) ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ, ਬਾਬਾ ਜੀਵਨ ਸਿੰਘ ਸੁਸਾਇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਖਹਿਰਾ ਅਤੇ ਅੰਬੇਡਕਰ ਸੁਸਾਇਟੀ ਦੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ ਨੇ ਘਟਨਾ 'ਤੇ ਗਹਿਰੀ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਬਾਹਰ ਦਲਿਤਾਂ ਨਾਲ ਅਜਿਹੀਆਂ ਘਟਨਾਵਾਂ ਆਮ ਸੁਣਦੇ ਸੀ, ਪਰ ਪੰਜਾਬ ਵਿਚ ਇਸ ਤਰ੍ਹਾਂ ਦਾ ਦੁਖਾਂਤ ਵਾਪਰਨਾ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੰਧੂਰਾ ਸਿੰਘ, ਪ੍ਰਮੋਧ ਸਿੰਘ, ਰਾਜੇਸ਼ ਕੁਮਾਰ, ਬਹਾਦਰ ਸਿੰਘ, ਵਿਜੇ ਕੁਮਾਰ, ਜਸਪਾਲ ਸਿੰਘ ਚੌਹਾਨ, ਮੇਜਰ ਸਿੰਘ, ਸੁਭਾਸ਼ ਪਾਸਵਾਨ, ਵੇਦ ਪ੍ਰਕਾਸ਼ ਅਤੇ ਰਾਜ ਪਾਲ ਨੇ ਕਿਹਾ ਕਿ ਸਰਕਾਰ ਜਗਮੇਲ ਸਿੰਘ ਦੇ ਹਤਿਆਰਿਆਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਕੇ ਫਾਂਸੀ ਦੇ ਤਖਤੇ ਅਤੇ ਲਟਕਾਵੇ ਅਤੇ ਪੀੜਤ ਪਰਿਵਾਰ ਲਈ ਮੁਆਵਜੇ ਦੀ ਰਕਮ 20 ਲੱਖ ਤੋਂ ਵਧਾ ਕੇ 50 ਲੱਖ ਕੀਤੀ ਜਾਵੇ।