ਕੁੰਦਨ ਸਿੰਘ, ਭੁਲੱਥ : ਝੋਨੇ ਦੀ ਫਸਲ ਜੋ ਮੰਡੀਆਂ ਵਿਚ ਪਹੁੰਚ ਚੁੱਕੀ ਹੈ, ਦੇ ਸਬੰਧ ਵਿਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇਣਾ ਸੀ, ਪਰ ਉਨ੍ਹਾਂ ਦਾ ਇਥੇ ਨਾ ਹੋਣ ਕਾਰਨ ਕਿਸਾਨਾਂ ਨੇ ਇਹ ਮੰਗ ਪੱਤਰ ਐੱਸਡੀਐੱਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਨੂੰ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਹੇਠ ਦਿੱਤਾ। ਇਸ ਸਬੰਧੀ ਕਿਸਾਨਾਂ ਨੇ ਪਹਿਲਾ ਐੱਸਡੀਐੱਮ ਨੂੰ ਮੰਗਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਜਸਬੀਰ ਸਿੰਘ ਲਿੱਟਾਂ ਨੇ ਬੋਲਦਿਆਂ ਕਿਹਾ ਕਿ ਸਰਕਾਰ ਵਲੋਂ 17 ਫ਼ੀਸਦੀ ਨਮੀ ਵਾਲਾ ਝੋਨਾ ਖਰੀਦਣ ਦੀ ਹਦਾਇਤ ਹੈ ਅਤੇ ਪੰਜਾਬ ਵਿਚ ਬਰਸਾਤ ਕਾਫੀ ਵੱਡੀ ਮਾਤਰਾ ਵਿਚ ਹੋ ਰਹੀ ਹੈ। ਇਸ ਲਈ ਨਮੀ ਦੀ ਮਾਤਰਾ ਨੂੰ ਵਧਾ ਕੇ 20 ਫ਼ੀਸਦੀ ਕੀਤਾ ਜਾਵੇ ਅਤੇ ਮੰਡੀਆਂ ਵਿਚ ਝੋਨੇ ਦੀ ਖਰੀਦ ਜੰਗੀ ਪੱਧਰ 'ਤੇ ਕੀਤੀ ਜਾਵੇ। ਭਾਂਵੇ ਕਿ ਸਰਕਾਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਕਰਦੀ ਆ ਰਹੀ ਹੈ, ਪਰ ਅੱਜ ਤੱਕ ਨਾ-ਮਾਤਰ ਹੀ ਖਰੀਦ ਕੀਤੀ ਗਈ ਹੈ ਜੋ ਆੜਤੀ ਮੰਡੀ ਵਿਚ ਝੋਨਾ ਵੱਧ ਤੋਲਦੇ ਹਨ ਜਾਂ ਕਿਸਾਨ ਨੂੰ ਲਵਾਈ, ਤੁਲਾਈ ਦੀ ਲੇਬਰ ਆਪਣੀ ਮਰਜ਼ੀ ਨਾਲ ਲਾਉਂਦੇ ਹਨ, ਉਨ੍ਹਾਂ ਦੀ ਬਰੀਕੀ ਨਾਲ ਜਾਂਚ ਕਰਕੇ ਸਖਤ ਐਕਸ਼ਨ ਲਿਆ ਜਾਵੇ। ਜੋ ਅਵਾਰਾ ਪਸ਼ੂ, ਕੁੱਤੇ, ਸੂਰ ਜਾਂ ਹੋਰ ਜਾਨਵਰ ਜਿਨ੍ਹਾਂ 'ਤੇ ਸਰਕਾਰ ਪਾਬੰਦੀ ਨਹੀਂ ਲਗਾ ਰਹੀ, ਜੋ ਹਰ ਰੋਜ਼ ਸੜਕਾਂ 'ਤੇ ਅਨੇਕਾਂ ਹਾਦਸੇ ਕਰਦੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰਦੇ ਹਨ, ਜੇਕਰ ਇਨ੍ਹਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਕਿਸਾਨ ਯੂਨੀਅਨ ਇਨ੍ਹਾਂ ਜਾਨਵਰਾਂ ਨੂੰ ਕਾਬੂ ਕਰਕੇ ਡੀਸੀ ਦਫਤਰ ਜਾਂ ਮੰਤਰੀਆਂ ਦੀਆਂ ਕੋਠੀਆਂ ਵਿਚ ਛੱਡਿਆ ਜਾਵੇਗਾ। ਕਿਉਂਕਿ ਸਰਕਾਰ ਲੋਕਾਂ ਕੋਲੋਂ ਗਊ ਸੈਸ ਲੈ ਰਹੀ ਹੈ। ਜੋ ਕਿਸਾਨ ਆਲੂ ਅਤੇ ਸਬਜ਼ੀਆਂ ਬੀਜਦੇ ਹਨ, ਉਹ ਬਹੁਤ ਮੰਦੀ ਦੇ ਦੌਰ ਵਿਚ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਮਹਿੰਗਾਈ ਸੂਚਕ ਅੰਕ ਨਾਲ ਜੋੜ ਕੇ ਦਿੱਤੇ ਜਾਣ, ਕਣਕ ਦਾ ਰੇਟ 4 ਹਜ਼ਾਰ ਰੁਪਏ, ਮੱਕੀ ਦਾ ਰੇਟ 2500 ਰੁਪਏ ਅਤੇ ਗੰਨੇ ਦਾ ਰੇਟ 400 ਰੁਪਏ ਕੁਇੰਟਲ ਦਿੱਤਾ ਜਾਵੇ। ਦਿਨੋਂ-ਦਿਨ ਡੀਜ਼ਲ ਦਾ ਰੇਟ ਬਹੁਤ ਵੱਧ ਰਿਹਾ ਹੈ ਅਤੇ ਕਿਸਾਨਾਂ ਦਾ ਪਿਛਲੇ ਸਮੇਂ ਦਾ ਗੰਨੇ ਦਾ ਬਕਾਇਆ ਜਲਦ ਦਵਾਇਆ ਜਾਵੇ। ਜਿਨ੍ਹਾਂ ਵਿਅਕਤੀਆਂ ਦਾ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇਨ੍ਹਾਂ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਦਲਬੀਰ ਸਿੰÎਘ, ਚਰਨਜੀਤ ਸਿੰਘ, ਜਰਨੈਲ ਸਿੰਘ, ਸੂਰਤ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਗੁਰਦੇਵ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।