ਵਿਜੇ ਸੋਨੀ, ਫਗਵਾੜਾ : ਫਗਵਾੜਾ ਉਪ ਚੋਣ ਵਿਚ ਬਹੁਜਨ ਸਮਾਜ ਪਾਰਟੀ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਦੇ ਹੱਕ ਵਿਚ ਚੋਣ ਪ੍ਰਚਾਰ ਮੁਹਿੰਮ ਨੂੰ ਤਾਕਤ ਦੇਣ ਲਈ ਪੀਡੀਏ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਫਗਵਾੜਾ ਪੁੱਜੇ। ਇਸ ਮੌਕੇ ਉਨ੍ਹਾਂ ਠੇਕੇਦਾਰ ਭਗਵਾਨ ਦਾਸ ਦੇ ਹੱਕ ਵਿੱਚ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ 'ਚ ਹਿੱਸਾ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤਕ ਪੰਜਾਬ ਵਿਚ ਲੁਟੇਰੀਆਂ ਪਾਰਟੀਆਂ ਦੇ ਰਾਜ ਕਰਨ ਦੀ ਵਜ੍ਹਾ ਨਾਲ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਪੈਨਸ਼ਨਰਜ਼ ਸਮੇਤ ਹਰ ਵਰਗ ਦੇ ਲੋਕ ਦੁਖੀ ਜੀਵਨ ਹੰਢਾ ਰਹੇ ਹਨ। ਕਿਰਤੀ ਵਰਗ ਟਾਟਾ ਅਤੇ ਅੰਬਾਨੀਆਂ ਦੀਆਂ ਵਪਾਰੀ ਕਾਰਗੁਜ਼ਾਰੀਆਂ ਕਾਰਨ ਲੁੱਟ ਦਾ ਸ਼ਿਕਾਰ ਮਜ਼ਲੂਮ ਬਣ ਗਿਆ ਹੈ। ਪੰਜਾਬ, ਪੰਜਾਬੀਅਤ ਅਤੇ ਇੱਥੋਂ ਦੀ ਰੰਗਲੀ ਜਵਾਨੀ ਹੁਣ ਸਿਰਫ ਕੰਗਲੀ ਬਣ ਕੇ ਰਹਿ ਗਏ ਹਨ। ਇਸ ਦੌਰਾਨ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਠੇਕੇਦਾਰ ਭਗਵਾਨ ਦਾਸ ਦੀ ਚੋਣ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਨਵੇਂ ਪ੍ਰਰੋਗਰਾਮ ਉਲੀਕੇ ਅਤੇ ਚੋਣ ਇੰਚਾਰਜ਼ ਰਛਪਾਲ ਸਿੰਘ ਰਾਜੂ ਦੀ ਦੇਖ ਰੇਖ ਹੇਠ ਪੂਰਾ ਕਰਨ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਰਿਟਾਇਰਡ ਡਿਪਟੀ ਕਮੀਸ਼ਨਰ ਖੁਸ਼ੀ ਰਾਮ, ਚਿਰੰਜੀ ਲਾਲ ਕਾਲਾ, ਸ੍ਰੀਮਤੀ ਰਚਨਾ ਦੇਵੀ, ਪਰਵੀਨ ਬੰਗਾ, ਬੀਕੇ ਰੱਤੂ, ਤਰਸੇਮ ਚੁੰਬਰ, ਪੁਰਸ਼ੋਤਮ ਅਹੀਰ ਆਦਿ ਹਾਜ਼ਰ ਸਨ।