ਵਿਜੇ ਸੋਨੀ, ਫਗਵਾੜਾ : ਹਲਕਾ ਵਿਧਾਨ ਸਭਾ ਫਗਵਾੜਾ ਤੋਂ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਦੀ ਪ੍ਰਚਾਰ ਮੁਹਿਮ ਨੂੰ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਫਗਵਾੜਾ ਪੁੱਜੇ। ਉਨ੍ਹਾਂ ਕੋਈ ਵੱਡੀ ਚੋਣ ਮੀਟਿੰਗ ਕਰਨ ਦੀ ਬਜਾਏ ਪਾਰਟੀ ਦੀ ਹਮੇਸ਼ਾ ਤੋਂ ਤਾਕਤ ਰਹੀ ਡੋਰ-ਟੂ-ਡੋਰ ਮੁਹਿੰਮ ਨੂੰ ਤਰਜੀਹ ਦਿੱਤੀ। 'ਆਪ' ਦੇ ਸੂਬਾ ਸਪੋਕਸ ਪਰਸਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਹਰਪਾਲ ਚੀਮਾ ਫਗਵਾੜਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਪਹੁੰਚੇ ਜਿੱਥੇ ਡੋਰ-ਟੂ-ਡੋਰ ਵੋਟਰਾਂ ਨਾਲ ਰਾਬਤਾ ਕਰਦੇ ਹੋਏ ਦਿੱਲੀ ਦੀ ਤਰ੍ਹਾਂ ਪੰਜਾਬ ਨੂੰ ਵੀ ਭਿ੍ਸ਼ਟਾਚਾਰ ਤੇ ਨਸ਼ਾ ਖੌਰੀ ਤੋਂ ਮੁਕਤ ਬਣਾਉਣ ਲਈ 21 ਅਕਤੂਬਰ ਨੂੰ ਵੋਟਾਂ ਵਾਲੇ ਦਿਨ ਅੰਤਰ ਆਤਮਾ ਦੀ ਆਵਾਜ 'ਤੇ 'ਝਾੜੂ' ਦਾ ਬਟਨ ਦਬਾਅ ਕੇ ਸੰਤੋਸ਼ ਕੁਮਾਰ ਗੋਗੀ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨਾ ਤਾਂ ਪੰਜਾਬ ਵਿਚ ਨਸ਼ਾ ਖਤਮ ਕਰ ਸਕੀ ਹੈ ਤੇ ਨਾ ਹੀ ਰੇਤ ਮਾਫੀਆ ਨੂੰ ਨੱਥ ਪਾਈ ਗਈ ਹੈ ਜੋ ਕਿ ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਦੇ ਮੁੱਖ ਮੁੱਦੇ ਸਨ। ਭਿ੍ਸ਼ਟਾਚਾਰ ਸਿਖਰਾਂ 'ਤੇ ਹੈ। ਨੌਜਵਾਨ ਬੇਰੁਜਗਾਰੀ ਦੇ ਸ਼ਿਕਾਰ ਹਨ। ਪੰਜਾਬ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਇਸ ਕਦਰ ਕਰਜਾਈ ਕਰ ਦਿੱਤਾ ਹੈ ਕਿ ਮੁਲਾਜਮਾ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ। ਲੋਕ ਭਲਾਈ ਸਕੀਮਾ ਦਾ ਲਾਭ ਲੋਕਾਂ ਤੱਕ ਨਹੀਂ ਪੁੱਜ ਰਿਹਾ। ਵੋਟਰਾਂ ਨੇ ਆਮ ਆਦਮੀ ਪਾਰਟੀ ਪ੍ਰਤੀ ਪੂਰਾ ਉਤਸ਼ਾਹ ਦਿਖਾਇਆ ਅਤੇ ਕਿਹਾ ਕਿ ਉਹ ਫਗਵਾੜਾ ਸੀਟ ਇਸ ਵਾਰ ਸੰਤੋਸ਼ ਕੁਮਾਰ ਗੋਗੀ ਨੂੰ ਵੋਟ ਦੇ ਕੇ ਆਪ ਦੀ ਝੋਲੀ ਵਿਚ ਹੀ ਪਾਉਣਗੇ। ਇਸ ਦੌਰਾਨ ਸੰਤੋਸ਼ ਕੁਮਾਰ ਗੋਗੀ ਨੇ ਵੀ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਉਹ ਫਗਵਾੜਾ ਦੇ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰਨਗੇ ਅਤੇ ਪਿੰਡਾਂ ਤੇ ਸ਼ਹਿਰ ਦਾ ਜੰਗੀ ਪੱਧਰ ਤੇ ਵਿਕਾਸ ਕਰਵਾਉਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਕੋਰ ਕਮੇਟੀ ਮੈਂਬਰ ਹਰਚਰਨ ਸਿੰਘ ਬਰਸਟ, ਪ੍ਰਦੀਪ ਦੁੱਗਲ, ਰਸ਼ਪਾਲ ਸਿੰਘ, ਹਰਸ਼ ਸਿੰਘ, ਰੌਸ਼ਨ ਲਾਲ, ਸ਼ੀਤਲ ਸਿੰਘ ਪਲਾਹੀ, ਲਲਿਤ, ਵਿੱਕੀ, ਮਨਪ੍ਰਰੀਤ ਸੈਣੀ, ਲੇਖਰਾਜ, ਰਾਜਕੁਮਾਰ, ਨਰੇਸ਼ ਕੁਮਾਰ, ਮਨਵਿੰਦਰ ਸਿੰਘ, ਗੁਰਦੀਪ ਸਿੰਘ, ਕਾਕਾ, ਸਾਹਿਲ ਸਿੰਘ ਅਤੇ ਅਮਨ ਆਦਿ ਹਾਜ਼ਰ ਸਨ।