ਦੂਰ ਲਗਾਈਆਂ ਚੋਣ ਡਿਊਟੀਆਂ ਰੱਦ ਕੀਤੀਆਂ ਜਾਣ : ਡੀਟੀਐੱਫ
ਦੂਰ ਦੁਰਾਡੇ ਲਗਾਈਆਂ ਡਿਊਟੀਆਂ ਚੋਣ ਡਿਊਟੀਆਂ ਰੱਦ ਕੀਤੀਆਂ ਜਾਣ- ਡੀ.ਟੀ.ਐੱਫ
Publish Date: Tue, 09 Dec 2025 09:29 PM (IST)
Updated Date: Tue, 09 Dec 2025 09:33 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਡੈਮੋਕਰੇਟਿਕ ਟੀਚਰ ਫਰੰਟ (ਡੀਟੀਐੱਫ) ਪੰਜਾਬ ਦੀ ਇਕਾਈ ਫਗਵਾੜਾ ਦੇ ਇਕ ਵਫਦ ਨੇ ਬਲਾਕ ਪ੍ਰਧਾਨ ਗੁਰਮੁਖ ਲੋਕਪ੍ਰੇਮੀ ਦੀ ਅਗਵਾਈ ਵਿਚ ਅਧਿਆਪਕਾਂ ਦੀਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣ ਡਿਊਟੀਆਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਫਗਵਾੜਾ ਨੂੰ ਸੌਂਪਿਆ। ਗੱਲਬਾਤ ਕਰਦਿਆਂ ਹੋਇਆਂ ਗੁਰਮੁਖ ਲੋਕਪ੍ਰੇਮੀ, ਸਤਨਾਮ ਪਰਮਾਰ, ਜਤਿੰਦਰ ਕੁਮਾਰ, ਸੁਰਿੰਦਰ ਰਾਮ, ਰਮੇਸ਼ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਲੰਘੀਆਂ ਪੰਚਾਇਤੀ ਚੋਣਾਂ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਰਿਹਾਇਸ਼ੀ ਬਲਾਕਾਂ ਵਿਚ ਹੀ ਲਗਾਈਆਂ ਗਈਆਂ ਸਨ ਤੇ ਚੋਣਾਂ ਬਹੁਤ ਚੰਗੇ ਢੰਗ ਨਾਲ ਨੇਪਰੇ ਵੀ ਚੜ੍ਹੀਆਂ ਸਨ, ਪਰ ਇਸ ਵਾਰ ਫਿਰ ਔਰਤ ਅਧਿਆਪਕਾਂ ਸਮੇਤ 90% ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਪੈਂਦੇ ਬਲਾਕਾਂ ਵਿਚ ਲਗਾ ਦਿੱਤੀਆਂ ਗਈਆਂ ਹਨ, ਜੋ ਕਿ ਮੰਦਭਾਗਾ ਹੈ। ਫਗਵਾੜਾ ਬਲਾਕ ਜ਼ਿਲ੍ਹੇ ਨਾਲੋਂ ਟੁੱਟਵਾਂ ਹੋਣ ਕਾਰਨ ਬਾਕੀ ਸਾਰੇ ਬਲਾਕ ਇਸ ਨੂੰ ਬੜੇ ਦੂਰ ਪੈਂਦੇ ਹਨ। ਔਰਤ ਕਰਮਚਾਰੀਆਂ ਦਾ ਦੂਰ-ਦੁਰਾਡੇ ਸਰਦੀ ਦੇ ਦਿਨਾਂ ਵਿਚ ਡਿਊਟੀ ’ਤੇ ਅਤੇ ਫਿਰ ਘਰ ਪਹੁੰਚਣਾ ਮੁਸ਼ਕਿਲ ਹੈ। ਇਸ ਤੋਂ ਇਲਾਵਾ ਜੋ ਬੀਐੱਲਓ ਕਰਮਚਾਰੀ ਸਾਰਾ ਸਾਲ ਵੋਟਾਂ ਦੀ ਡਿਊਟੀ ਕਰਦੇ ਹਨ, ਉਨ੍ਹਾਂ ਨੂੰ ਵੀ ਡਿਊਟੀ ਤੋਂ ਛੋਟ ਨਹੀਂ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਡੈਮੋਕਰੇਟਿਕ ਟੀਚਰ ਫਰੰਟ ਮੰਗ ਕਰਦਾ ਹੈ ਕਿ ਤੁਰੰਤ ਇਹ ਡਿਊਟੀਆਂ ਬਦਲ ਕੇ ਰਿਹਾਇਸ਼ੀ ਬਲਾਕਾਂ ਵਿਚ ਲਗਾਈਆਂ ਜਾਣ, ਬੀਐੱਲਓਜ਼ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ, ਚੋਣ ਅਮਲੇ ਨੂੰ ਬਣਦਾ ਮਿਹਨਤਾਨਾ ਤੁਰੰਤ ਅਦਾ ਕੀਤਾ ਜਾਵੇ, ਵਿਧਵਾ, ਤਲਾਕਸ਼ੁਦਾ, ਛੋਟੇ ਬੱਚਿਆਂ ਦੀਆਂ ਮਾਵਾਂ, ਗਰਭਵਤੀ, ਗੰਭੀਰ ਬਿਮਾਰੀ ਤੋਂ ਪੀੜਤ ਅਤੇ ਸੇਵਾਮੁਕਤੀ ’ਤੇ ਬੈਠੇ ਮੁਲਾਜ਼ਮਾਂ ਨੂੰ ਡਿਊਟੀ ਤੋਂ ਤੁਰੰਤ ਛੋਟ ਦਿੱਤੀ ਜਾਵੇ। ਇਸੇ ਤਰ੍ਹਾਂ ਕਪਲ ਕੇਸ ਵਿਚ ਵੀ ਇਕ ਮੁਲਾਜ਼ਮ ਦੀ ਹੀ ਡਿਊਟੀ ਲਗਾਈ ਜਾਵੇ। ਇਸ ਮੌਕੇ ਸਨੇਹ ਭਨੋਟ, ਰੇਸ਼ਮਾ ਰਾਣੀ, ਪਰਮਜੀਤ ਕੌਰ, ਕਮਲੇਸ਼ ਸੰਧੂ, ਲਖਵੀਰ ਸਿੰਘ, ਨਰੇਸ਼ ਕੁਮਾਰ ਅਤੇ ਭਰਾਤਰੀ ਜਥੇਬੰਦਕ ਅਧਿਆਪਕ ਪੰਕਜ ਰਾਵਤ, ਪ੍ਰਦੀਪ, ਰਾਮਪਾਲ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।