ਨਾਨਕ ਨਗਰੀ ’ਚ ਚੋਣ ਪ੍ਰਚਾਰ ਬੰਦ, ਸਿਆਸੀ ਧਿਰਾਂ ਦਾ ਵੱਕਾਰ ਦਾਅ ’ਤੇ ਲੱਗਾ
ਬਾਬੇ ਨਾਨਕ ਦੀ ਨਗਰੀ ਵਿੱਚ ਥੰਮ ਗਿਆ ਚੋਣ ਪ੍ਰਚਾਰ ਸਾਰੀਆਂ ਸਿਆਸੀ ਧਿਰਾਂ ਦਾ ਵਕਾਰ ਦਾਅ ’ਤੇ ਲੱਗਾ
Publish Date: Sun, 24 May 2026 08:21 PM (IST)
Updated Date: Sun, 24 May 2026 08:25 PM (IST)

ਸੰਤ ਸੀਚੇਵਾਲ ਵੱਲੋਂ ਚੰਗੇ ਕਿਰਦਾਰਾਂ ਵਾਲੇ ਉਮੀਦਵਾਰ ਚੁਣਨ ਦਾ ਸੱਦਾ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਤਿਹਾਸਕ ਕਸਬੇ ਸੁਲਤਾਨਪੁਰ ਲੋਧੀ ਦੀਆਂ ਨਗਰ ਕੌਂਸਲ ਚੋਣਾਂ ‘ਤੇ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਤੇ ਅਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਵੱਕਾਰ ਦਾਅ ‘ਤੇ ਲੱਗਾ ਹੋਇਆ ਹੈ। ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਕੁਲ 13 ਵਾਰਡ ਹਨ। ਇਨ੍ਹਾਂ ਸਾਰੇ 13 ਵਾਰਡਾਂ ਵਿਚ ਕੁਲ 55 ਉਮੀਦਵਾਰ ਆਪਣੀ ਕਿਮਸਤ ਅਜ਼ਮਾ ਰਹੇ ਹਨ। ਚੋਣ ਪ੍ਰਚਾਰ ਬੰਦ ਹੋਣ ਦੇ ਨਾਲ ਹੀ ਉਮੀਦਵਾਰ ਹੁਣ ਵੋਟਰਾਂ ਦੇ ਘਰੋਂ-ਘਰੀਂ ਜਾ ਕੇ ਵੋਟਾਂ ਮੰਗਣਗੇ। ਵੋਟਾਂ 26 ਮਈ ਨੂੰ ਪੈਣਗੀਆਂ। ਸੁਲਤਾਨਪੁਰ ਲੋਧੀ ਵਿਚ ਸੱਤਾਧਾਰੀ ਪਾਰਟੀ ਆਪ ਦੇ 13, ਕਾਂਗਰਸ ਦੇ 13, ਭਾਜਪਾ ਦੇ 11, ਬਸਪਾ ਦਾ ਇਕ ਤੇ ਬਾਕੀ ਅਜ਼ਾਦ ਉਮੀਦਵਾਰ ਖੜੇ ਹਨ। ਸਾਰੀਆਂ ਧਿਰਾਂ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਉਮੀਦਵਾਰ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੇ। ਆਮ ਆਦਮੀ ਪਾਰਟੀ ਦੇ ਸੱਤਾ ਵਿਚ ਹੋਣ ਕਾਰਨ ਉਨ੍ਹਾਂ ਨੂੰ ਕੁਝ ਲਾਭ ਤਾਂ ਮਿਲ ਹੀ ਰਿਹਾ ਹੈ ਪਰ ਕੁਝ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਨਾਲ ਮੁਲਾਜ਼ਮਾਂ ਦਾ ਟਕਰਾਅ ਚੱਲ ਰਿਹਾ। ਲੋਕਾਂ ਦੇ ਮਨਾਂ ਵਿਚ ਕੁਝ ਮਾਮਲਿਆਂ ਨੂੰ ਲੈ ਕੇ ਰੋਸ ਵੀ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਜਿਥੇ ਸਮੁੱਚੇ ਪੰਜਾਬ ਵਿਚ ਸਿਆਸਤ ਵਿਚ ਵਾਪਸੀ ਲਈ ਹੱਥ ਪੈਰ ਮਾਰ ਰਿਹਾ ਹੈ, ਉਥੇ ਉਸ ਦੇ ਪੱਲੇ ਨਿਰਾਸ਼ ਹੀ ਪੈ ਰਹੀ ਹੈ। ਸੁਲਤਾਨਪੁਰ ਲੋਧੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਸਰਕਾਰ ਤੇ ਪੁਲਿਸ ਦੇ ਦਖ਼ਲ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾ ਕੇ ਇਸ ਮੁੱਦੇ ਨੂੰ ਪੰਥਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਮੋਰਚਾ ਕਾਮਯਾਬ ਨਹੀਂ ਹੋ ਸਕਿਆ ਤੇ ਅਕਾਲੀ ਦਲ ਨੂੰ ਚੁਪਚਾਪ ਮੋਰਚਾ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ। ਕਾਂਗਰਸ ਵੀ ਕਈ ਧੜ੍ਹਿਆ ਵਿਚ ਵੰਡੀ ਹੋਈ ਹੈ। ਸਾਬਕਾ ਵਿਧਾਇਕ ਤੇਜ਼ੀ ਕਾਂਗਰਸ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ, ਉਥੇ ਮੌਜੂਦਾ ਅਜ਼ਾਦ ਵਿਧਾਇਕ ਜਿਨ੍ਹਾਂ ਦਾ ਪਿਛੋਕੜ ਕਾਂਗਰਸ ਨਾਲ ਹੈ ਤੇ ਉਨ੍ਹਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਸਾਲ 2002 ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਚਲੇ ਆ ਰਹੇ ਹਨ।ਉਨ੍ਹਾਂ ਦੇ ਮਾਤਾ ਹਰਬੰਸ ਕੌਰ ਵੀ ਕਪੂਰਥਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾ ਵਿਚ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਅਜ਼ਾਦ ਤੌਰ ‘ਤੇ ਚੋਣ ਲੜੀ ਸੀ ਤੇ ਉਹ ਜਿੱਤ ਗਏ ਸਨ। ਜਿੱਤਣ ਤੋਂ ਬਾਅਦ ਵੀ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਸੀ ਬਣੇ, ਉਨ੍ਹਾਂ ਆਪਣੀ ਅਜ਼ਾਦ ਹਸਤੀ ਨੂੰ ਕਾਇਮ ਰੱਖਦਿਆਂ ਅੱਗੇ ਵੱਧਣ ਦਾ ਫੈਸਲਾ ਕੀਤਾ ਹੋਇਆ ਹੈ। ਬਾਕਸ ਆਈਟਮ ਸੰਤ ਸੀਚੇਵਾਲ ਨੇ ਨਗਰ ਕੌਂਸਲ ਚੋਣਾਂ ਤੋਂ ਬਣਾਈ ਦੂਰੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਭਾਵੇ ਇਨ੍ਹਾਂ ਚੋਣਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਉਨ੍ਹਾਂ ਨੇ ਵਾਰਡ 11 ਤੇ ਵਾਰਡ 12 ਤੋਂ ਚੋਣ ਲੜ ਰਹੇ ਆਪ ਦੇ ਉਮੀਦਵਾਰਾਂ ਸੁਰਿੰਦਰ ਕੌਰ ਤੇ ਗੁਰਵਿੰਦਰ ਕੌਰ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਨਹੀਂ ਕੀਤੀ ਸਗੋਂ ਉਨ੍ਹਾਂ ਨੇ ਜਨਤਕ ਤੌਰ ‘ਤੇ ਸਮੁੱਚੇ ਸੁਲਤਾਨਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦੀ ਚੋਣ ਕਰਨ। ਉਨ੍ਹਾਂ ਦਾ ਇਸ਼ਾਰਾ ਕਿਸੇ ਖ਼ਾਸ ਪਾਰਟੀ ਦੇ ਉਮੀਦਵਾਰਾਂ ਵੱਲ ਨਾ ਹੋ ਕੇ ਸਰਬ ਸਾਂਝੀਵਾਲਤਾ ਵੱਲ ਦੱਸਿਆ ਜਾ ਰਿਹਾ ਹੈ।