ਸੁਖਪਾਲ ਹੁੰਦਲ, ਕਪੂਰਥਲਾ : ਬੇਬੇ ਨਾਨਕੀ ਰੋਡ 'ਤੇ ਸਥਿਤ ਰੇਲ ਕੋਚ ਫੈਕਟਰੀ ਦੇ ਨੇੜੇ ਝੁੱਗੀਆਂ 'ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਪਰ ਕੋਰੋਨਾ ਦੇ ਡਰ ਕਾਰਨ ਉਸ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਲਾਸ਼ ਦੇ ਨੇੜੇ ਨਹੀਂ ਆਏ ਤਾਂ ਉਸ ਦਾ ਅੰਤਿਮ ਸਸਕਾਰ ਤਹਿਸੀਲਦਾਰ ਕਪੂਰਥਲਾ ਮਨਬੀਰ ਸਿੰਘ ਢਿੱਲੋਂ ਦੀ ਅਗਵਾਈ 'ਚ ਪਿੰਡ ਹੁਸੈਨਪੁਰ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਰਸੀਐੱਫ ਦੇ ਨਜ਼ਦੀਕ ਪੈਦੀਆਂ ਝੁੱਗੀਆਂ 'ਚ ਕਿਸੇ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਜਦੋਂ ਮੌਕੇ 'ਤੇ ਗਏ ਤਾਂ ਲੋਕਾਂ ਨੇ ਦੱਸਿਆ ਕਿ ਇਹ ਬਜ਼ੁਰਗ ਔਰਤ ਮੰਗਲੀ ਦੇਵੀ ਪਤਨੀ ਗੁਰਦੇਵ ਪਿੰਡ ਵੜਿੰਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆ ਕੇ ਆਪਣੇ ਬੇਟੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਇਥੇ ਰਹਿ ਰਹੀ ਸੀ। ਮ੍ਰਿਤਕ ਦੀ ਮੌਤ ਅਚਾਨਕ ਹੋ ਗਈ ਪਰ ਲੋਕਾਂ ਵੱਲੋਂ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਇਹ ਸੋਚਿਆ ਗਿਆ ਕਿ ਇਸ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਈ ਹੈ ਜਿਸ ਕਰਕੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਇਸ ਔਰਤ ਦੀ ਲਾਸ਼ ਦੇ ਨੇੜੇ ਨਹੀਂ ਆਏ। ਬਾਅਦ ਵਿੱਚ ਅਧਿਕਾਰੀਆਂ ਦੇ ਕਹਿਣ ਤੋਂ ਬਾਅਦ ਬਜ਼ੁਰਗ ਔਰਤ ਦਾ ਲੜਕਾ ਉਸ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋ ਗਿਆ। ਉਨ੍ਹਾਂ ਵੱਲੋਂ ਜਦੋਂ ਸਿਹਤ ਅਧਿਕਾਰੀ ਡਾ. ਰਾਜੀਵ ਭਗਤ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਵੱਲੋਂ ਵੀ ਇਸ ਔਰਤ ਨੂੰ ਐਂਬੂਲੈਂਸ 'ਚ ਲਿਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਵੀ ਇਸ ਔਰਤ ਦੇ ਨੇੜੇ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਤਹਿਸੀਲ ਢਿੱਲੋਂ ਵੱਲੋਂ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਪਟਵਾਰੀ ਸਰਬਜੀਤ ਸਿੰਘ ਅਤੇ ਪਿੰਡ ਢੁਡੀਆਵਾਲ ਦੇ ਸਾਬਕਾ ਰਣਜੀਤ ਸਿੰਘ ਰਾਣਾ ਨੂੰ ਲੈ ਕੇ ਇਸ ਔਰਤ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਉਣ ਲਈ ਕਿਹਾ ਗਿਆ ਜਿਨ੍ਹਾਂ ਵੱਲੋਂ ਤਹਿਸੀਲਦਾਰ ਢਿੱਲੋਂ ਦਾ ਸਾਥ ਦਿੰਦੇ ਹੋਏ ਔਰਤ ਦਾ ਅੰਤਿਮ ਸਸਕਾਰ ਦੇਰ ਰਾਤ ਪਿੰਡ ਹੁਸੈਨਪੁਰ ਦੇ ਸ਼ਮਸਾਨਘਾਟ 'ਚ ਕੀਤਾ ਗਿਆ।

ਇਸ ਮੌਕੇ ਪਿੰਡ ਹੁਸੈਨਪੁਰ ਦੇ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਕਿਹਾ ਉਹ ਇਸ ਦੁੱਖ ਦੀ ਘੜੀ 'ਚ ਪ੍ਰਸ਼ਾਸਨ ਦੇ ਨਾਲ ਖੜ੍ਹੇ ਹਨ ਅਤੇ ਇਸ ਬਜ਼ੁਰਗ ਔਰਤ ਦਾ ਸਸਕਾਰ ਇਸ ਸ਼ਮਸ਼ਾਨਘਾਟ 'ਚ ਕਰ ਸਕਦੇ ਹਨ। ਇਸ ਮੌਕੇ ਬਜ਼ੁਰਗ ਔਰਤ ਦਾ ਲੜਕਾ ਰਾਮੂ ਵੀ ਆਪਣੀ ਮਾਂ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਉਣ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗ੍ਰਾਮ ਪੰਚਾਇਤ ਅਤੇ ਹੋਰ ਮੋਹਤਵਰ ਵਿਅਕਤੀਆਂ ਨਾਲ ਮੌਜੂਦ ਰਹੇ। ਇਸ ਮੌਕੇ 'ਤੇ ਤਹਿਸਾਲਦਾਰ ਕਪੂਰਥਲਾ ਦੇ ਰੀਡਰ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਵੀ ਮੌਜੂਦ ਸਨ।

Posted By: Jagjit Singh